ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ, ਵੱਸਦਾ ਰਹੁ ਆਜ਼ਾਦ ਕੈਨੇਡਾ।
ਵੰਨ ਸੁਵੰਨੇ ਧੀਆਂ ਪੁੱਤਰ, ਰੱਖੀਂ ਸਦਾ ਆਬਾਦ ਕੈਨੇਡਾ।
ਤੇਰੇ ਮੈਪਲ ਹੇਠਾਂ ਬੈਠੇ, ਸਾਡੇ ਬੋਹੜਾਂ ਵਰਗੇ ਬਾਬੇ ।
ਕਹਿੰਦੇ ਕਦੇ ਉਲਾਰ ਨਾ ਹੋਵਣ ਤੇਰੇ ਘਰ ਇਨਸਾਫ਼ ਦੇ ਛਾਬੇ।
ਤੇਰੇ ਜਲ ਵਿਚ ਸਾਡੀ ਮਿਸ਼ਰੀ, ਸ਼ਰਬਤ ਬੜਾ ਸੁਆਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਜਿਸ ਧਰਤੀ ਤੇ ਆਦਰ ਹੋਵੇ, ਕਦੇ ਬੇਗਾਨਾ ਦੇਸ਼ ਨਹੀਂ ਹੁੰਦਾ।
ਮਨ ਦਾ ਮੋਰ ਜੇ ਪੈਲਾਂ ਪਾਵੇ, ਕੋਈ ਵੀ ਥਾਂ ਪ੍ਰਦੇਸ ਨਹੀਂ ਹੁੰਦਾ।
ਤੇਰੀ ਵੰਨਸੁਵੰਨਤਾ ਵਾਲਾ, ਗੂੰਜੇ ਅਨਹਦ ਨਾਦ ਕੈਨੇਡਾ।
ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ…
ਤੇਰੇ ਘਰ ਵਿਚ ਵੇਖੀਂ ਕਿਧਰੇ, ਲੁੱਟੇ ਨਾ ਕੋਈ ਕਿਰਤ ਕਮਾਈ।
ਕੰਮੀਂ ਕਾਰੀਂ ਰੁੱਝੇ ਗੱਭਰੂ, ਮੁਟਿਆਰਾਂ ਤੇ ਮਾਈ ਭਾਈ।
ਕੁੱਲ ਦੁਨੀਆਂ ਦੇ ਪੁੱਤਰ ਤੇਰੀ ਸ਼ਕਤੀ ਬਣੇ ਫ਼ੌਲਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਰਹਿਣ ਸਲਾਮਤ ਤੇਰੇ ਵਿਹੜੇ, ਸੂਹੇ ਸੁਪਨੇ ਤੇ ਫੁੱਲ ਪੱਤੀਆਂ।
ਜੀਵਣ ਜਾਗਣ ਠੰਢੀਆਂ ਛਾਵਾਂ, ਵਗਣ ਹਵਾਵਾਂ ਮਹਿਕਾਂ ਮੱਤੀਆਂ।
ਮਾਂ ਬੋਲੀ ਨੂੰ ਭੁੱਲ ਕੇ ਮਾਪੇ, ਗੁਆ ਨਾ ਬਹਿਣ ਔਲਾਦ ਕੈਨੇਡਾ।
ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ…
ਜੇ ਪੁੱਤਰਾਂ ਦਾ ਮੋਹ ਟੁੱਟ ਜਾਵੇ, ਉਹ ਧਰਤੀ ਫਿਰ ਮਾਂ ਨਹੀਂ ਰਹਿੰਦੀ।
ਪੁੱਤਰ-ਪੱਤਰ ਜੇ ਝੜ ਜਾਵਣ, ਰੁੱਖਾਂ ਪੱਲੇ ਛਾਂ ਨਹੀਂ ਰਹਿੰਦੀ।
ਸਾਡੇ ਵੀਰਾਂ ਨੂੰ ਸਮਝਾਵੀਂ, ਫਿਰ ਤੇਰਾ ਧੰਨਵਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਰੇਸ਼ਮ ਦੇ ਧਾਗੇ ਜਹੇ ਬੱਚੜੇ, ਸਾਂਝੇ ਸੁਪਨਿਆਂ ਦੀ ਫੁਲਕਾਰੀ।
ਮੇਰੇ ਪਿੰਡ ਦੇ ਧੀਆਂ ਪੁੱਤਰਾਂ, ਤੇਰੀ ਸੋਹਣੀ ਧਰਤ ਸ਼ਿੰਗਾਰੀ।
ਬਿਰਧ ਸਰੀਰਾਂ ਦਾ ਹੱਥ ਸਿਰ ‘ਤੇ, ਰੱਖੀਂ ਦਿਲ ਵਿਚ ਯਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ…
ਸਾਂਝੀ ਰੱਤ ਦੇ ਕਾਰਨ ਦਮਕੇ, ਤੇਰੇ ਝੰਡੇ ਵਿਚ ਜੋ ਲਾਲੀ।
ਵਿਸ਼ਵ ਅਮਨ ਦੇ ਚਿੱਟੇ ਰੰਗ ਨੇ, ਤੇਰੀ ਅਜ਼ਮਤ ਸਦਾ ਸੰਭਾਲੀ।
ਬੁਰਿਆਂ ਨਾਲ ਯਾਰਾਨੇ ਪਾ ਕੇ, ਹੋ ਜਾਏਂਗਾ ਬਰਬਾਦ ਕੈਨੇਡਾ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਲ, ਵੱਸਦਾ ਰਹੁ ਆਜ਼ਾਦ ਕੈਨੇਡਾ।
ਗੁਰਭਜਨ ਗਿੱਲ, ਸੰਪਰਕਃ 98726 31199