ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਅਧੀਨ ਚਲ ਰਹੇ ਸਕੂਲਾਂ ਵਿੱਚ ਪੜਦੇ ਹਨ ਇਹ ਬੱਚੇ, ਦੁਗਰੀ ਫੇਜ-2 ਵਿਖੇ ਜੀਤ ਫਾਉਂਡੇਸ਼ਨ ਦੇ ਦਫਤਰ ਵਿੱਚ ਲੱਗੀ ਦੋ ਦਿਨੀਂ ਪ੍ਰਦਰਸ਼ਨੀ
ਲੁਧਿਆਣਾ (ਰਾਜਕੁਮਾਰ ਸਾਥੀ)। ਸਲੱਮ ਖੇਤਰਾਂ ਵਿੱਚ ਰਹਿਣ ਵਾਲੇ ਤੇ ਦਿਨ ਭਰ ਕੂੜਾ-ਕਬਾੜ ਇਕੱਠਾ ਕਰਕੇ ਪਰਿਵਾਰ ਦਾ ਗੁਜਾਰਾ ਕਰਨ ਵਾਲੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਸੁੰਦਰ ਰੱਖੜੀਆਂ ਦੀ ਪ੍ਰਦਰਸ਼ਨੀ ਦੁਗਰੀ ਫੇਜ-2 ਵਿਖੇ ਜੀਤ ਫਾਉਂਡੇਸ਼ਨ ਦੇ ਦਫਤਰ ਵਿੱਚ ਲੱਗੀ ਹੋਈ ਹੈ। ਮਨ ਨੂੰ ਮੋਹਣ ਵਾਲੀਆਂ ਇਹਨਾਂ ਰੱਖੜੀਆਂ ਨੂੰ ਬਨਾਉਣ ਵਾਲੇ ਬੱਚੇ ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਅਧੀਨ ਚੱਲ ਰਹੇ ਸਕੂਲਾਂ ਵਿੱਚ ਪੜਾਈ ਵੀ ਕਰ ਰਹੇ ਹਨ।
ਜੀਤ ਫਾਉਂਡੇਸ਼ਨ ਦੀ ਪ੍ਰਧਾਨ ਸੁਖਵਿੰਦਰ ਕੌਰ ਨੇ ਦੱਸਿਆ ਕਿ ਜਿਲੇ ਦੇ ਡੀਸੀ ਤੇ ਏਡੀਸੀ (ਡੀ) ਦੇ ਸਹਿਯੋਗ ਨਾਲ ਚਲ ਰਹੇ ਐਨਸੀਐਲਪੀ ਵੌਕੇਸ਼ਨਲ ਸਕੂਲਾਂ ਵਿੱਚ ਪੜ ਰਹੇ ਇਹਨਾਂ ਬੱਚਿਆਂ ਨੇ ਬਹੁਤ ਸੋਹਣੀਆਂ ਰੱਖੜੀਆਂ ਬਣਾਈਆਂ ਹਨ। ਜੋ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਇਹਨਾਂ ਬੱਚਿਆਂ ਨੂੰ ਸਹੀ ਗਾਈਡੈਂਸ ਮਿਲੇ ਤਾਂ ਇਹ ਦੇਸ਼ ਲਈ ਬਹੁਤ ਕੁਝ ਵਧੀਆ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਹਨਾਂ ਬੱਚਿਆਂ ਵੱਲੋਂ ਬਣਾਈਆਂ ਗਈਆਂ ਰੱਖੜੀਆਂ 19 ਤੇ 20 ਅਗਸਤ ਨੂੰ ਸਿਟੀ ਨੀਡ ਦੇ ਸਹਿਯੋਗ ਨਾਲ ਦੁਗਰੀ ਫੇਜ-2 ਵਿਖੇ ਜੀਤ ਫਾਉਂਡੇਸ਼ਨ ਦੇ ਦਫਤਰ ਦੇ ਬਾਹਰ ਪ੍ਰਦਰਸ਼ਿਤ ਕੀਤਾ ਜਾਵੇਗਾ। ਲੋਕ ਇੱਥੇ ਆ ਕੇ ਆਪਣੀ ਪਸੰਦ ਦੀਆਂ ਰੱਖੜੀਆਂ ਖਰੀਦ ਸਕਦੇ ਹਨ। ਇਸ ਨਾਲ ਇਹਨਾਂ ਬੱਚਿਆਂ ਦਾ ਹੌਸਲਾ ਵੀ ਵਧੇਗਾ ਅਤੇ ਇਹਨਾਂ ਵਿੱਚ ਹੋਰ ਵੀ ਵਧੀਆ ਕੰਮ ਕਰਨ ਦੀ ਇੱਛਾ ਜਾਗੇਗੀ।
ਉਹਨਾਂ ਦੱਸਿਆ ਕਿ ਜੀਤ ਫਾਉਂਡੇਸ਼ਨ ਗਰੀਬ ਅਤੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਤੇ ਲੜਕੀਆਂ ਲਈ ਕਈ ਤਰਾਂ ਦੇ ਸਿੱਖਿਅਕ ਪ੍ਰੋਗਰਾਮ ਚਲਾ ਰਿਹਾ ਹੈ। ਜਿਸ ਵਿੱਚ ਲੜਕੀਆਂ ਨੂੰ ਪੈਰਾਂ ਤੇ ਖੜਾ ਕਰ ਲਈ ਸਿਲਾਈ ਅਤੇ ਬਿਉਟੀਸ਼ੀਅਨ ਦੇ ਕੋਰਸ ਕਰਾਏ ਜਾ ਰਹੇ ਹਨ। ਉਹਨਾਂ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਬੱਚਿਆਂ ਵੱਲੋਂ ਬਣਾਈਆਂ ਗਈਆਂ ਰੱਖੜੀਆਂ ਖਰੀਦਣ ਤਾਂ ਜੋ ਇਹਨਾਂ ਵਿੱਚ ਭਵਿੱਖ ਵਿੱਚ ਹੋਰ ਵੀ ਵਧੀਆ ਕੰਮ ਕਰ ਸਕਣ। ਇਸ ਮੌਕੇ ਤੇ ਗੁਰਿੰਦਰਪਾਲ ਸਿੰਘ, ਹਰਜਿੰਦਰ ਬਜਾਜ, ਦਲਜੀਤ ਕੌਰ, ਦਵਿੰਦਰ ਭਾਟੀਆ, ਵੀਨਾ ਮਾਤਾ ਤੇ ਮਨਪ੍ਰੀਤ ਕੌਰ ਵੀ ਮੌਜੂਦ ਰਹੀ।