ਲੁਧਿਆਣਾ, 02 ਨਵੰਬਰ (ਰਾਜਕੁਮਾਰ ਸਾਥੀ)। ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਮਨਾਏ ਗਏ ਤੰਬਾਕੂ ਰਹਿਤ ਦਿਵਸ ਮੌਕੇ, ਸਿਵਲ ਸਰਜਨ ਡਾ ਐਸ.ਪੀ. ਸਿੰਘ ਦੀ ਅਗੁਵਾਈ ਵਿੱਚ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਡਾ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਪੰੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਦਿੱਤੇ ਗਏ, ਥੀਮ ਆਪਣੇ ਪਿੰਡ ਨੂੰ ਤੰਬਾਕੂ ਮੁਕਤ ਬਣਾਈਏ, ਦੇ ਸਬੰਧ ਵਿਚ ਅੱਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ।
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੰਬਾਕੂ ਮੁਕਤ ਪਿੰਡ ਬਣਾਉਣ ਲਈ ਵੱਡੇ ਪੱਧਰ ‘ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋ ਮਤੇ ਪਾਸ ਕੀਤੇ ਜਾ ਸਕਦੇ ਹਨ ਜਿਸ ਦੇ ਤਹਿਤ ਪਿੰਡ ਵਿਚ ਕੋਈ ਵੀ ਦੁਕਾਨਦਾਰ ਤੰਬਾਕੂ ਦੀ ਵਿਕਰੀ ਨਹੀ ਕਰੇਗਾ, ਪਿੰਡ ਦੀਆਂ ਜਨਤਕ ਥਾਂਵਾਂ ਤੇ ਕੋਈ ਵੀ ਵਿਅਕਤੀ ਸਿਗਰਟ, ਬੀੜੀ ਅਤੇ ਤੰਬਾਕੂ ਉਤਪਾਦ ਆਦਿ ਦੀ ਵਰਤੋ ਨਹੀ ਕਰੇਗਾ, ਪਿੰਡ ਵਿਚ ਤੰਬਾਕੂ ਰਹਿਤ ਖੇਤਰ ਦੇ ਬੋਰਡ ਵੀ ਲਗਾਏ ਜਾ ਸਕਦੇ ਹਨ। ਪੰਚਾਇਤੀ ਹੁਕਮਾਂ ਦੀ ਉਲਘਣਾ ਕਰਨ ਵਾਲੇ ਵਿਅਕਤੀ ਨੂੰ ਪੰਚਾਇਤ ਵਲੋ ਜੁਰਮਾਨਾ ਕੀਤਾ ਜਾਵੇਗਾ। ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਤੰਬਾਕੂ ਵਿਰੋਧੀ ਚਲਾਨ ਕੀਤੇ ਅਤੇ ਤੰਬਾਕੂ ਦੀ ਵਰਤੋ ਕਰਨ ਨਾਲ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।