ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਲਾਸਾਨੀ ਹਨ, ਨੌਜਵਾਨ ਪ੍ਰੇਰਣਾ ਹਾਸਲ ਕਰਕੇ ਆਪਣੇ ਜੀਵਨ ਦੀਆਂ ਤਰਜੀਹਾਂ ਕਰਨ ਨਿਰਧਾਰਤ – ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ
ਲੁਧਿਆਣਾ (ਰਾਜਕੁਮਾਰ ਸਾਥੀ) । ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਸਮਾਗਮ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨਤਮਸਤਕ ਹੋਏ। ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਵਾਰਡ ਨੰਬਰ 6 ਦੀ ਜਨਤਾ ਕਲੋਨੀ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਭੋਲਾ ਗਰੇਵਾਲ ਵਲੋਂ ਸ਼ਹੀਦੀ ਦਿਹਾੜੇ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਦਕਾ ਸਿੱਖ ਕੌਮ ਦੀ ਨੀਂਹ ਮਜ਼ਬੂਤ ਹੈ ਅਤੇ ਸੰਗਤ ਨੂੰ ਇਨ੍ਹਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਗੁਰਸਿੱਖੀ ਜੀਵਨ ਪਰਪੱਕਤਾ ਨਾਲ ਜਿਊਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਈ ਤਰ੍ਹਾਂ ਦੇ ਲਾਲਚ ਅਤੇ ਅਤਿ ਤਸੀਹੇ ਦਿੱਤੇ ਜਾਣ ਮਗਰੋਂ ਵੀ ਛੋਟੇ ਸਾਹਿਬਜ਼ਾਦੇ ਆਪਣੇ ਸਿੱਖੀ ਸਿਦਕ ਤੋਂ ਨਹੀਂ ਡੋਲੇ ਅਤੇ ਜ਼ਾਲਮ ਮੁਗਲਾਂ ਦੀ ਈਨ ਨਹੀਂ ਮੰਨੀ ਅਤੇ ਪੂਰੇ ਵਿਸ਼ਵ ਅੰਦਰ ਇਸ ਦੀ ਕੋਈ ਮਿਸਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਵਾਪਰੀਆਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਲਾਸਾਨੀ ਹਨ ਅਤੇ ਨੋਜਵਾਨਾਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਤੋਂ ਪ੍ਰੇਰਣਾ ਪ੍ਰਾਪਤ ਕਰਕੇ ਆਪਣੇ ਜੀਵਨ ਦੀਆਂ ਤਰਜੀਹਾਂ ਨਿਰਧਾਰਤ ਕਰਨ। ਸ਼ਹੀਦੀ ਸਮਾਗਮ ਮੌਕੇ ਗੁਰਮੀਤ ਸਿੰਘ ਮੀਤਾ , ਇੰਦਰਜੀਤ ਕੌਰ ਅਨੀਤਾ , ਤਸ਼ੀਤ ਗੁਪਤਾ , ਸੰਜੀਵ ਸੰਜ਼ੁ , ਰਾਜੇਸ਼ ਬਾਤੀਸ਼ , ਕੁਲਦੀਪ ਚੌਹਾਨ , ਧਰਮਿੰਦਰ ਫੌਜੀ , ਰਾਜਿੰਦਰ ਔਲਖ , ਗੁਰਸ਼ਰਨ ਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਮੌਜੂਦ ਸੀ।