ਗ੍ਰੈਫਿਟੀਆਂ ਨਾਲ ਹੋਵੇਗਾ ਸ਼ਹਿਰ ਦਾ ਸੁੰਦਰੀਕਰਨ – ਭਾਰਤ ਭੂਸ਼ਣ ਆਸ਼ੂ
ਆਸ਼ੂ ਵੱਲੋਂ ਸ਼ਹਿਰੀ ਸੁੰਦਰੀਕਰਨ ਬਾਰੇ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਨਾਲ ਕੀਤੀ ਮੀਟਿੰਗ
ਸ਼ਹਿਰਵਾਸੀ ਇਸ ਸੁੰਦਰੀਕਰਨ ਮੁਹਿੰਮ ਦਾ ਬਣ ਸਕਦੇ ਹਨ ਹਿੱਸਾ
ਲੁਧਿਆਣਾ (ਰਾਜ ਕੁਮਾਰ ਸਾਾਥੀ) ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰਾਂ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਵਿਸ਼ਾਲ ਸੁੰਦਰੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਬੱਚਿਆਂ ਅਤੇ ਕਲਾਕਾਰਾਂ ਸਮੇਤ ਸ਼ਹਿਰ ਦੇ ਵਸਨੀਕਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗ੍ਰੈਫਿਟ ਪੇਂਟਿੰਗ ਅਤੇ ਰੱਖ ਰਖਾਵ ਦੀ ਆਗਿਆ ਦਿੱਤੀ ਜਾਵੇਗੀ।
ਸ੍ਰੀ ਆਸ਼ੂ ਨੇ ਦੱਸਿਆ ਕਿ ਗ੍ਰੈਫਿਟ ਲਈ ਮਨਜੂਰ ਵਿਸ਼ੇ ਖੇਡਾਂ, ਸਿਹਤ, ਪੰਜਾਬੀ ਸਭਿਆਚਾਰ, ਉਦਯੋਗ, ਮੇਕ ਇਨ ਇੰਡੀਆ, ਮੇਕ ਇਨ ਲੁਧਿਆਣਾ, ਵਾਤਾਵਰਣ ਅਤੇ ਸਮਾਜਿਕ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਵਸਨੀਕਾਂ ਨੂੰ ਈਮੇਲ ਬੇਨਤੀ ਰਾਹੀ ਆਗਿਆ ਦਿੱਤੀ ਜਾਵੇਗੀ, ਜਿਸ ਨੂੰ graffitiludhiana@gmail.com ‘ਤੇੇ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਦੋ ਸਾਲਾਂ ਲਈ ਗ੍ਰਾਫਿਟੀ ਬਣਾਈ ਰੱਖਣੀ ਪਵੇਗੀ ਜਾਂ ਇਹ ਕਿਸੇ ਹੋਰ ਨੂੰ ਅਲਾਟ ਕਰ ਦਿੱਤੀ ਜਾਵੇਗੀ, ਗ੍ਰੈਫਿਟੀ ਨੂੰ ਪੋਸਟਰਾਂ ਜਾਂ ਕਿਸੇ ਹੋਰ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਲੇ ਨੂੰ ਘੱਟੋ-ਘੱਟ 10,000 ਰੁਪਏ ਜ਼ੁਰਮਾਨਾ ਅਤੇ ਮੁਰੰਮਤ ਕੀਮਤ ਦੇਣੀ ਪਵੇਗੀ ਅਤੇ ਗ੍ਰੈਫਿਟੀ ‘ਤੇ ਨਗਰ ਨਿਗਮ ਅਤੇ ਸਮਾਰਟ ਸਿਟੀ ਲੋਗੋ ਲਗਾਇਆ ਜਾਣਾ ਹੈ। ਸਪਾਂਸਰ ਲੋਗੋ ਲਈ ਇੱਕੋ ਜਿਹੀ ਜਗ੍ਹਾ ਅਲਾਟ ਕੀਤੀ ਜਾਵੇਗੀ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਇੱਕ ਉੱਤਮ ਢੰਗ ਹੋਵੇਗਾ ਜਿਸ ਰਾਹੀਂ ਵਸਨੀਕ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਈਮੇਲ graffitiludhiana@gmail.com ‘ਤੇ ਖੁਦ ਤਿਆਰ ਕੀਤੇ ਗ੍ਰੈਫਿਟੀ ਡਿਜਾਇਨ ਸਕੈਨ ਕਰਕੇ ਭੇਜਣੇ ਹੋਣਗੇ। ਉਨ੍ਹਾਂ ਕਿਹਾ ਕਿ ਇੱਕ ਵਾਰ ਡਿਜ਼ਾਇਨ ਨੂੰ ਪ੍ਰਵਾਨਗੀ ਮਿਲ ਜਾਣ ਤੋਂ ਬਾਅਦ, ਵਸਨੀਕ ਸ਼ਹਿਰ ਵਿੱਚ ਗ੍ਰੈਫਟੀਸ ਪੇਂਟ ਕਰਨ ਦੇ ਯੋਗ ਹੋ ਜਾਣਗੇ।