ਹਲਕਾ ਪੱਛਮੀ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ‘ਤੇ ਕੀਤੀ ਵਿਚਾਰ ਚਰਚਾ
ਲੁਧਿਆਣਾ (ਰਾਜਕੁਮਾਰ ਸਾਥੀ) । ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਗੁਰਪ੍ਰੀਤ ਬੱਸੀ ਗੋਗੀ ਦੇ ਨਿਵਾਸ ਸਥਾਨ ‘ਤੇ ਪਹੁੰਚੇ ਜਿੱਥੇ ਪਰਿਵਾਰ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵਿਧਾਇਕ ਗੋਗੀ ਵੱਲੋਂ ਇਸ ਮੌਕੇ ਉਨ੍ਹਾਂ ਨਾਲ ਹਲਕਾ ਲੁਧਿਆਣਾ ਪੱਛਮੀ ਦੇ ਵਿਕਾਸ ਕਾਰਜ਼ਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਜਿਸ ਵਿੱਚ ਘੁਮਾਰ ਮੰਡੀ ਰੋਡ ਦਾ ਸੁੰਦਰੀਕਰਨ, ਵੱਖ-ਵੱਖ ਖੇਡ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਕੂੜੇ ਕਰਕਟ ਦੇ ਕੰਪੈਕਟਰ ਲਗਾਉਣ ਤੋਂ ਇਲਾਵਾ ਹੋਰ ਪ੍ਰੋਜੈਕਟਾਂ ਵੱਲ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ। ਪਿਛਲੀਆਂ ਸਰਕਾਰਾਂ ‘ਤੇ ਵਰ੍ਹਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਨ੍ਹਾਂ ਦੀ ਨਾਲਾਇਕੀ ਸਦਕਾ ਮਹਾਂਰਾਣੀ ਝਾਂਸੀ ਰੋਡ ‘ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਬਹੁਮੰਜ਼ਿਲਾ ਇਮਾਰਤ ਧੂੜ ਫੱਕ ਰਹੀ ਹੈ ਜਿਸਦਾ ਲੁਧਿਆਣਾ ਸ਼ਹਿਰ ਦੇ ਹਿੱਤ ਵਿੱਚ ਢੁੱਕਵਾਂ ਹੱਲ ਕੱਢਿਆ ਜਾਵੇ। ਇਸ ਮੁੱਦੇ ‘ਤੇ ਕੈਬਨਿਟ ਮੰਤਰੀ ਡਾ. ਨਿੱਝਰ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਉਹ ਮਾਣਯੋਗ ਮੁਖ ਮੰਤਰੀ ਸ. ਭਗਵੰਤ ਮਾਨ ਜੀ ਦੇ ਧਿਆਨ ਵਿੱਚ ਲਿਆ ਕੇ ਜਲਦ ਇਸ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਮਲਹਾਰ ਰੋਡ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਇਸ ਰੋਡ ਨੂੰ ਹੋਰ ਚੌੜਾ ਕੀਤਾ ਜਾਵੇ ਅਤੇ ਰੋਡ ਨੂੰ ਦੋਨਾਂ ਸਾਈਡਾਂ ਤੋਂ ਹੋਰ ਖੋਲ੍ਹਿਆ ਜਾਵੇ ਤਾਂ ਜੋ ਉੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ ਅਤੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਵਿਧਾਇਕ ਗੋਗੀ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੇਹਤਰੀਨ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਡਾ. ਸੁਖਚੈਨ ਕੌਰ ਬੱਸੀ ਵੀ ਮੌਜੂਦ ਸਨ।