ਅੰਡਰ ਟ੍ਰਾਇਲ ਰੀਵਿਊ ਕਮੇਟੀ ਮੀਟਿੰਗਾਂ ਤਹਿਤ 1356 ਹਵਾਲਾਤੀ ਜ਼ਮਾਨਤ ‘ਤੇ ਰਿਹਾਅ

Share and Enjoy !

Shares

ਅੰਡਰ ਟ੍ਰਾਇਲ ਰੀਵਿਊ ਕਮੇਟੀ ਮੀਟਿੰਗਾਂ ਤਹਿਤ 1356 ਹਵਾਲਾਤੀ ਜ਼ਮਾਨਤ ‘ਤੇ ਰਿਹਾਅ

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੀਡੀਓ ਕਾਨਫਰੰਸ ਰਾਹੀਂ ਕਰਵਾਇਆ ਗਿਆ ਮੀਟਿੰਗਾਂ ਦਾ ਆਯੋਜਨ

ਲੁਧਿਆਣਾ (ਰਾਜਕੁਮਾਰ ਸਾਥੀ) । ਕੋਰੋਨਾ ਮਹਾਂਮਾਰੀ  ਚਲਦਿਆਂ ਜਿਲ੍ਹਾ ਲੁਧਿਆਣਾ ਅਧੀਨ ਅੰਡਰ ਟ੍ਰਾਇਲ ਰੀਵਿਊ ਕਮੇਟੀ (ਯੂ.ਟੀ.ਆਰ.ਸੀ.), ਲੁਧਿਆਣਾ ਦੀ ਮੀਟਿੰਗਾਂ ਦਾ ਆਯੋਜਨ ਸਮੇਂ-ਸਮੇਂ ਸਿਰ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਪ੍ਰਧਾਨਗੀ ਹੇਠ ਕਰਵਾਇਆ ਗਿਆ। ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਮੀਟਿੰਗਾਂ ਦਾ ਆਯੋਜਨ ਵੀਡੀਓ ਕਾਨਫਰੰਸ ਰਾਹੀਂ ਕਰਵਾਇਆ ਗਿਆ।  ਯੂ.ਟੀ.ਆਰ.ਸੀ. ਦੀਆਂ ਸਮੇਂ-ਸਮੇਂ ਸਿਰ ਹੋਈਆਂ ਮੀਟਿੰਗਾਂ ਦੌਰਾਨ ਕੇਂਦਰੀ ਜੇਲ੍ਹ,  ਬੋਰਸਟਲ ਜੇਲ੍ਹ ਅਤੇ ਜਨਾਨਾ ਜੇਲ੍ਹ, ਲੁਧਿਆਣਾ ਵਿੱਚ ਬੰਦ ਹਵਾਲਾਤੀਆਂ ਦੇ ਕੇਸਾਂ ਤੇ ਵਿਚਾਰ ਕੀਤਾ ਗਿਆ ਅਤੇ ਅਜਿਹੇ ਹਵਾਲਾਤੀਆਂ, ਜਿਨ੍ਹਾਂ ਦੇ ਕੇਸਾਂ ਵਿੱਚ ਅਦਾਲਤ ਵੱਲੋਂ ਜਮਾਨਤ ਦੇ ਹੁਕਮ ਹੋ ਚੁੱਕੇ ਹਨ ਅਤੇ ਜੋ ਜਮਾਨਤ ਮੁਚਲਕੇ (Bail Bonds) ਭਰਨ ਵਿੱਚ ਅਸਮਰਥ ਹਨ ਅਤੇ ਅਜਿਹੇ ਹਵਾਲਾਤੀਆਂ ਜਿਹੜੇ ਧਾਰਾ 436-ਏ ਤਹਿਤ ਜਮਾਨਤ ਦਾ ਲਾਭ ਲੈਣ ਦੇ ਹੱਕਦਾਰ ਬਣਦੇ ਸਨ, ਦੀ ਪਛਾਣ ਕੀਤੀ ਗਈ । ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪ੍ਰਧਾਨਗੀ ਹੇਠ ਯੂ.ਟੀ.ਆਰ.ਸੀ. ਲੁਧਿਆਣਾ ਦੀਆਂ ਸਮੇਂ-ਸਮੇਂ ਸਿਰ ਆਯੋਜਿਤ ਕੀਤੀਆਂ ਗਈਆਂ ਆਨਲਾਈਨ ਮੀਟਿੰਗਾਂ ਵਿੱਚ ਜਿਲ੍ਹਾ ਮੈਜਿਸਟਰੇਟ ਲੁਧਿਆਣਾ, ਪੁਲਿਸ ਕਮਿਸ਼ਨਰ ਲੁਧਿਆਣਾ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪ੍ਰੀਤੀ ਸੁਖੀਜਾ, ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ, ਸੁਪਰਡੈਂਟ ਬੋਰਸਟਲ ਜੇਲ੍ਹ, ਸੁਪਰਡੈਂਟ ਜਨਾਨਾ ਜੇਲ੍ਹ  ਅਤੇ ਜਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਵੱਲੋਂ ਵੈਬੈਕਸ ਰਾਹੀਂ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਮੀਟਿੰਗਾਂ ਵਿੱਚ ਕੀਤੀ ਗਈ ਪਛਾਣ ਸਦਕਾ ਕੋਰੋਨਾ ਕਾਲ ਦੌਰਾਨ ਹੁਣ ਤੱਕ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ ਅਤੇ ਜਨਾਨਾ ਜੇਲ੍ਹ, ਲੁਧਿਆਣਾ ਵਿੱਚੋਂ 1356 ਹਵਾਲਾਤੀਆਂ ਨੂੰ ਅੰਤਰਿਮ ਜ਼ਮਾਨਤ (Interim bail) ਅਤੇ ਨੱਜੀ ਮੁਚਲਕੇ (Personal Bonds) ‘ਤੇ ਜੇਲ੍ਹਾਂ ਵਿੱਚੋਂ ਰਿਹਾਅ ਕੀਤਾ ਜਾ ਚੁੱਕਾ ਹੈ।  ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਹੁਣ ਤੱਕ ਕੇਂਦਰੀ ਜੇਲ੍ਹ ਲੁਧਿਆਣਾ ਵਿੱਚੋਂ 417, ਬੋਰਸਟਲ ਜੇਲ੍ਹ 198 ਅਤੇ ਜਨਾਨਾ ਜੇਲ੍ਹ ਵਿੱਚੋਂ 32 ਹਵਾਲਾਤੀਆਂ ਨੂੰ ਅੰਤਰਿਮ ਜ਼ਮਾਨਤ (Interim bail) ‘ਤੇ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਹੁਣ ਤੱਕ ਕੇਂਦਰੀ ਜੇਲ੍ਹ ਲੁਧਿਆਣਾ ਵਿੱਚੋਂ 555, ਬੋਰਸਟਲ ਜੇਲ੍ਹ ਵਿੱਚੋਂ 86 ਅਤੇ ਜਨਾਨਾ ਜੇਲ੍ਹ ਵਿੱਚੋਂ 68 ਹਵਾਲਾਤੀਆਂ ਨੂੰ ਨਿੱਜੀ ਮੁਚਲਕੇ (Personal Bonds) ‘ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਹਵਾਲਾਤੀਆਂ ਦੀ ਸਮੀਖਿਆ ਦੀ ਮੀਟਿੰਗ ਦਾ ਆਯੋਜਨ ਹਰ ਹਫਤੇ ਵੀਡੀਓ ਕਾਨਫਰੰਸ ਰਾਹੀਂ ਕਰਵਾਇਆ ਗਿਆ ਸੀ।  ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ ਅਤੇ ਜਨਾਨਾ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਵੱਲੋਂ ਅੰਤਰਿਮ ਜ਼ਮਾਨਤ ਲਈ ਬੇਨਤੀਆਂ ਕੀਤੀਆਂ ਗਈਆਂ ਸਨ।  ਜਨਾਨਾ ਜੇਲ੍ਹ ਲੁਧਿਆਣਾ ਨੂੰ ਕੋਵਿਡ ਸੈਂਟਰ ਬਣਾਇਆ ਗਿਆ ਹੈ।  ਕੋਵਿਡ-19 ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਅਧੀਨ ਸਥਿਤ ਜੇਲ੍ਹਾਂ ਵਿੱਚ ਬੰਦ ਹਵਾਲਾਤੀਆਂ ਦੇ ਕੇਸਾਂ ਦੀ ਸੁਣਵਾਈ  ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ਸਿਰ ਜੇਲ੍ਹਾਂ ਨੂੰ ਸੈਨੇਟਾਈਜ਼ ਵੀ ਕਰਵਾਇਆ ਜਾ ਰਿਹਾ ਹੈ।

Share and Enjoy !

Shares

About Post Author

Leave a Reply

Your email address will not be published. Required fields are marked *