ਡੀ.ਸੀ. ਨੇ ਕੀਤੀ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ
ਨਿੱਜੀ ਹਸਪਤਾਲਾਂ ਵੱਲੋਂ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਕੀਤੇ ਸਹਿਯੋਗ ਲਈ ਕੀਤਾ ਧੰਨਵਾਦ
ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਗਈਆਂ ਦਿਨ-ਰਾਤ ਸੇਵਾਵਾਂ ਦੀ ਵੀ ਕੀਤੀ ਸ਼ਲਾਘਾ
ਪਹਿਲੀ ਦਸੰਬਰ ਤੋਂ 15 ਦਸੰਬਰ ਤੱਕ ਰਾਤ ਦਾ ਕਰਫਿਊ ਲਾਗੂ
ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ
ਲੁਧਿਆਣਾ (ਰਾਜ ਕੁਮਾਰ ਸਾਥੀ) ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।
ਸ੍ਰੀ ਵਰਿੰਦਰ ਸ਼ਰਮਾ ਨੇ ਲਾਈਵ ਸੈਸ਼ਨ ਦੌਰਾਨ ਦੱਸਿਆ ਕਿ ਤਿਊਂਹਾਰਾਂ ਦੌਰਾਨ ਬਾਜ਼ਾਰ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ, ਪਰ ਨਾਲ ਹੀ ਉਨ੍ਹਾਂ ਲੁਧਿਆਣਾ ਦੇ ਸੂਝਵਾਨ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰਵਾਸੀਆਂ ਵਲੋਂ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਂਣਾ, ਆਪਸੀ ਵਿੱਥ ਰੱਖਣਾ, ਹੱਥਾਂ ਦੀ ਸਫਾਈ ਆਦਿ ਦੀ ਪੂਰਨ ਤੌਰ ‘ਤੇ ਪਾਲਣਾ ਵੀ ਕੀਤੀ ਗਈ ਜਿਸ ਕਰਕੇ ਸਾਡਾ ਸਾਰਿਆਂ ਬਚਾਅ ਰਿਹਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਨਿੱਜੀ ਹਸਪਤਾਲਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ ਜੋ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਡਟੇ ਰਹੇ। ਉਨ੍ਹਾਂ ਸਿਹਤ ਵਿਭਾਗ, ਪੈਰਾ ਮੈਡੀਕਲ ਸਟਾਫ, ਪੁਲਿਸ ਪ੍ਰਸ਼ਾਸ਼ਨ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਗਈਆਂ ਦਿਨ-ਰਾਤ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਦੇ ਜੇਕਰ ਗੱਲ ਕਰੀਏ ਤਾਂ ਵਿਗਿਆਨੀਆਂ, ਮਾਹਰ ਡਾਕਟਰਾਂ ਅਤੇ ਬੁੱਧੀਜੀਵੀ ਵਰਗ ਵੱਲੋਂ 25 ਨਵੰਬਰ ਤੋਂ 15 ਦਸੰਬਰ, 2020 ਤੱਕ ਦੂਜੀ ਲਹਿਰ ਦੇ ਆਉਣ ਦਾ ਸੰਭਾਵਿਤ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਜਿਸ ਨਾਲ ਕੋਰੋਨਾ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਦੁਬਾਰਾ ਵਾਧਾ ਹੋ ਸਕਦਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਟੈਸਟਿੰਗ ਦੌਰਾਨ ਕਰੀਬ 30-40 ਮਰੀਜ਼ ਪੋਜ਼ਟਿਵ ਆਉਂਦੇ ਸਨ, ਜਿਨ੍ਹਾਂ ਦਾ ਆਂਕੜਾ ਵੱਧ ਕੇ 100 ਤੋਂ ਜ਼ਿਆਦਾ ਹੋ ਗਿਆ ਹੈ। ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ‘ਚ ਪੋਜਟਿਵ ਮਰੀਜ਼ਾਂ ਦੀ ਸੰਖਿਆ ਘੱਟ ਕੇ 25-30 ਰਹਿ ਗਈ ਸੀ, ਜੋ ਹੁਣ ਦੁਬਾਰਾ 97 ਦੇ ਕਰੀਬ ਹੋ ਗਈ ਹੈ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਮੌਜੂਦਾ ਅੰਕੜਿਆ ਅਨੁਸਾਰ ਅਸੀਂ ਦੂਜੀ ਲਹਿਰ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਹੁਣ ਲੋੜ ਹੈ ਕਿ ਇਹ ਦੂਜੀ ਲਹਿਰ ਸੁਨਾਮੀ ਵਿਚ ਤਬਦੀਲ ਨਾ ਹੋਵੇ ਇਸ ਲਈ ਸਾਨੂੰ ਸਾਰਿਆਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਗੈਰ-ਜਰੂਰੀ ਸਮਾਗਮਾਂ ਵਿੱਚ ਸ਼ਿਰਕਤ ਨਾ ਕਰੀਏ ਤਾਂ ਇਸ ਦੂਜੀ ਲਹਿਰ ਨੂੰ ਠੱਲ੍ਹ ਪਾਉਣ ਵਿਚ ਕਾਮਯਾਬ ਹੋਵਾਂਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਸੂਬੇ ਦੇ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੀ ਦੁੱਗਣੀ ਜਿੰਮੇਵਾਰੀ ਬਣ ਜਾਂਦੀ ਹੈ ਕਿਉਂਕਿ ਇੱਥੋਂ ਦੇ ਹਸਪਤਾਲਾਂ ਵਿੱਚ ਦੂਜੇ ਜ਼ਿਲ੍ਹਿਆਂ ਦੇ ਮਰੀਜ਼ਾਂ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਵੀ ਵੱਡੀ ਗਿਣਤੀ ਵਿੱਚ ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ। ਉਨ੍ਹਾ ਦੱਸਿਆ ਕਿ ਹੁਣ ਵੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋਏ ਨਿੱਜੀ ਹਸਪਤਾਲਾਂ ਨਾਲ ਅਗਾਂਊਂ ਮੀਟਿੰਗ ਕਰਕੇ ਉਨ੍ਹਾਂ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ 50 ਪ੍ਰਤੀਸ਼ਤ ਤੱਕ ਵਧਾਈ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੂਬੇ ਦੇ ਲੋਕਾਂ ਦੀ ਸਿਹਤਯਾਬੀ ਲਈ ਚਿੰਤਤ ਹਨ। ਉਨ੍ਹਾਂ ਦੂਜੀ ਲਹਿਰ ਦੇ ਪ੍ਰਕੋਪ ਤੋਂ ਪੰਜਾਬੀਆਂ ਨੂੰ ਬਚਾਉਣ ਲਈ 01 ਦਸੰਬਰ ਤੋਂ 15 ਦਸੰਬਰ ਤੱਕ ਰਾਤ 10 ਵਜੇਂ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੋਟਲ ਅਤੇ ਰੈਸਟੋਰੈਂਟ ਵੀ ਰਾਤ 09:30 ਵਜੇਂ ਤੋਂ ਬਾਅਦ ਖੋਲਣ ਤੇ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਉਦਯੋਗਪਤੀ ਰਾਤ ਦੇ ਸਮੇਂ ਆਪਣੀਆਂ ਫੈਕਟਰੀਆਂ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਚਲਾ ਸਕਦੇ ਹਨ।