ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਰੈਲੀ ਕਰਨ ਲਈ ਲੁਧਿਆਣਾ ਪਹੁੰਚੇ ਦੇਸ਼ ਦੇ ਗ੍ਰਹਿ ਮੰਤਰੀ
ਲੁਧਿਆਣਾ (ਰਾਜਕੁਮਾਰ ਸਾਥੀ)। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਉਹ ਛੋਟੇ ਜਿਹੇ ਹੁੰਦੇ ਸਨ ਤਾਂ ਉਹਨਾਂ ਦੇ ਗੁਰੂ ਪੰਜਾਬ ਬਾਰੇ ਦੋ ਗੱਲਾਂ ਕਿਹਾ ਕਰਦੇ ਸਨ। ਪਹਿਲੀ ਇਹ ਕਿ ਜੇਕਰ ਪੰਜਾਬ ਨਾ ਹੋਵੇ ਤਾਂ ਦੇਸ਼ ਸੁਰੱਖਿਅਤ ਨਹੀਂ ਰਹੇਗਾ ਅਤੇ ਦੂਜੀ ਇਹ ਕਿ ਜੇਕਰ ਪੰਜਾਬ ਨਾ ਹੋਵੇ ਤਾਂ ਦੇਸ਼ ਢਿੱਡ ਭਰ ਕੇ ਰੋਟੀ ਨਹੀਂ ਖਾ ਸਕਦਾ। ਉਹਨਾਂ ਕਿਹਾ ਕਿ ਉਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਨਮਨ ਕਰਦੇ ਹਨ, ਜਿਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਦੇਸ਼ ਨੂੰ ਚਾਹੀਦੀ ਹੈ। ਕਿਓੰਕਿ ਉਹਨਾਂ ਦੇ ਰਾਜ ਵਿੱਚ ਜਾਤ-ਧਰਮ ਦੀ ਗੱਲ ਨਹੀਂ ਹੁੰਦੀ ਸੀ। ਉਹਨਾਂ ਦੇ ਦਰਬਾਰ ਵਿੱਚ ਹਿੰਦੂ, ਸਿੱਖ ਤੇ ਸਾਰੇ ਧਰਮਾਂ ਦੇ ਲੋਕ ਬਰਾਬਰਤਾ ਦਾ ਦਰਜਾ ਰੱਖਦੇ ਸਨ। ਉਹਨਾਂ ਕਿਹਾ ਕਿ ਲੋਕਸਭਾ ਚੋਣਾਂ ਦੇ ਪੰਜ ਪੜਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਮੋਦੀ ਜੀ ਤਿੰਨ ਸੌ ਦਾ ਅੰਕੜਾ ਪਾਰ ਕਰ ਚੁੱਕੇ ਹਨ। ਪੰਜਾਬ ਵੀ ਇਸ ਵਿੱਚ ਹਿੱਸਾ ਪਾਵੇ ਤਾਂ ਜੋ ਚਾਰ ਸੌ ਪਾਰ ਦਾ ਸੁਪਨਾ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਪਿਛਲੇ ਪੰਜ ਸਾਲਾਂ ਤੋ ਮਿੱਤਰ ਹਨ। ਇਹਨਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜੋਂ, ਮੈਂ ਇਹਨਾਂ ਨੂੰ ਵੱਡਾ ਬਣਾ ਦੇਵਾਂਗਾ। ਅਮਿਤ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਦੋ ਜੂਨ ਨੂੰ ਜੇਲ ਜਾ ਰਹੇ ਹਨ ਅਤੇ 6 ਜੂਨ ਤੋਂ ਬਾਅਦ ਰਾਹੁਲ ਬੈਂਕਾਕ ਵਿੱਚ ਛੁੱਟੀਆਂ ਮਨਾਉਣ ਭੱਜ ਜਾਣਗੇ। ਉਹਨਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੋਈ ਛੁੱਟੀ ਨਹੀਂ ਲੈਂਦਾ ਅਤੇ ਬਾਰਡਰ ਤੇ ਜਾ ਕੇ ਦੇਸ਼ ਦੇ ਬਹਾਦੁਰ ਸਿਪਾਹੀਆਂ ਨਾਲ ਮਿਠਾਈ ਖਾਂਦੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਤੇ ਆਪ ਪਾਰਟੀ ਨੇ 12 ਲੱਖ ਕਰੋੜ ਦੇ ਘੁਟਾਲੇ ਕੀਤੇ ਹਨ। ਦਿੱਲੀ ਤੇ ਹਰਿਆਣਾ ਵਿੱਚ ਰਲ ਕੇ ਚੋਣ ਲੜ ਰਹੇ ਹਨ ਅਤੇ ਪੰਜਾਬ ਵਿੱਚ ਵੱਖ-ਵੱਖ ਹੋਣ ਦਾ ਦਿਖਾਵਾ ਕਰ ਰਹੇ ਹਨ। ਇਹ ਲੋਕ ਚੋਣ ਜਿੱਤਣ ਲਈ ਹਿੰਦੂ-ਸਿਖ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਨਰਿੰਦਰ ਮੋਦੀ ਨੇ ਇਕ ਪਾਸੇ ਸ੍ਰੀ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੋਲਿਆ ਅਤੇ ਦੂਜੇ ਪਾਸੇ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਕਰਵਾਇਆ। ਉਹਨਾਂ ਕਿਹਾ ਕਿ ਜੇਕਰ 1947 ਦੀ ਵੰਡ ਵੇਲੇ ਨਰਿੰਦਰ ਮੋਦੀ ਸੱਤਾ ਵਿੱਚ ਹੁੰਦਾ ਤਾਂ ਕਰਤਾਰਪੁਰ ਪਾਕਿਸਤਾਨ ਵਿੱਚ ਨਹੀਂ, ਭਾਰਤ ਵਿੱਚ ਹੋਣਾ ਸੀ। 1971 ਦੀ ਜਿੱਤ ਵੇਲੇ ਵੀ ਪਾਕਿਸਤਾਨ ਕੋਲੋਂ ਕਰਤਾਰਪੁਰ ਮੰਗਿਆ ਜਾ ਸਕਦਾ ਸੀ, ਪਰੰਤੁ ਕਾਂਗਰਸ ਨੇ ਅਜਿਹਾ ਨਹੀਂ ਕੀਤਾ। ਜਿਸ ਤੋਂ ਸਪੱਸ਼ਟ ਹੈ ਕਿ ਨਰਿੰਦਰ ਮੋਦੀ ਦੇਸ਼ ਦੀ ਗੱਲ ਕਰਦਾ ਹੈ ਅਤੇ ਕਾਂਗਰਸ ਸਿਰਫ ਸੱਤਾ ਤੇ ਕਬਜਾ ਕਰਨਾ ਚਾਹੁੰਦੀ ਹੈ।