ਲੁਧਿਆਣਾ (ਦੀਪਕ ਸਾਥੀ)। ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵਿਖੇ ਹੋਈ ਵਿਸ਼ਵ ਮੋਟਾਪਾ ਦਿਵਸ ਮੌਕੇ ਹੋਈ ਪ੍ਰੈਸ ਵਾਰਤਾ ਦੌਰਾਨ ਬੇਰੀਆਟ੍ਰਿਕ ਅਤੇ ਮੈਟਾਬੋਲਿਕ ਸਰਜਰੀ ਦੇ ਮਾਹਿਰ ਡਾ. ਅਮਿਤ ਭਾਂਬਰੀ ਨੇ ਦੱਸਿਆ ਕਿ ਪੰਜਾਬ ਵਿੱਚ ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਕਾਰਣ 35 ਤੋਂ 40 ਫੀਸਦੀ ਮਰਦ ਅਤੇ 27 ਤੋਂ 30 ਫੀਸਦੀ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਰਹੀਆਂ ਹਨ। ਮੋਟਾਪੇ ਨੂੰ ਕਈ ਬੀਮਾਰੀਆਂ ਦੀ ਮਾਂ ਕਿਹਾ ਜਾਂਦਾ ਹੈ। ਇਸ ਕਾਰਣ ਏਨੀ ਗਿਣਤੀ ਵਿੱਚ ਲੋਕ ਸ਼ੁਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਕਿਡਨੀ ਅਤੇ ਅੱਖਾਂ ਦੀਆਂ ਬੀਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ। ਉਹਨਾਂੰ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਖੁਸ਼ਹਾਲ ਸੂਬਾ ਰਿਹਾ ਹੈ ਅਤੇ ਇਥੋਂ ਦੇ ਲੋਕ ਖਾਣ-ਪੀਣ ਦੇ ਕਾਫੀ ਸ਼ੌਕੀਨ ਹਨ। ਪਰੰਤੁ ਖਾਣ-ਪੀਣ ਵਿੱਚ ਸ਼ਾਮਿਲ ਹੋਏ ਜੰਕ ਫੂਡ ਕਾਰਣ ਸੇਹਤਮੰਦ ਲੋਕ ਵੀ ਬੀਮਾਰੀਆਂ ਦਾ ਸ਼ਿਕਾਰ ਹੋਣ ਲੱਗ ਪਏ ਹਨ। ਉਹਨਾਂ ਕਿਹਾ ਕਿ ਕੁਝ ਲੋਕ ਦਵਾਈਆਂ ਦੀ ਮਦਦ ਨਾਲ ਮੋਟਾਪਾ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰੰਤੁ ਸਫਲਤਾ ਨਹੀਂ ਮਿਲਦੀ। ਕਿਓੰਕਿ ਦਵਾਈ ਬੰਦ ਹੁੰਦੇ ਹੀ ਮੋਟਾਪਾ ਫਿਰ ਤੋੰ ਵਧ ਜਾਂਦਾ ਹੈ। ਇਸਦਾ ਪੱਕਾ ਇਲਾਜ ਬੇਰੀਆਟ੍ਰਿਕ ਸਰਜਰੀ ਹੈ। ਜਿਸ ਨਾਲ ਮੋਟਾਪੇ ਦੇ ਨਾਲ-ਨਾਲ ਸ਼ੁਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।
ਡਾ. ਭਾਂਬਰੀ ਨੇ ਦੱਸਿਆ ਕਿ ਪਹਿਲਾਂ ਇਹ ਸਰਜਰੀ ਕੌਸਮੈਟਿਕ ਵਿੱਚ ਸ਼ਾਮਿਲ ਹੋਣ ਕਾਰਣ ਬੀਮਾ ਪਾਲਿਸੀ ਵਿੱਚ ਕਵਰ ਨਹੀਂ ਹੁੰਦੀ ਸੀ, ਪਰੰਤੁ ਹੁਣ ਬੀਮਾ ਕੰਪਨੀਆਂ ਨੇ ਇਸ ਸਰਜਰੀ ਨੂੰ ਕਵਰ ਕਰ ਲਿਆ ਹੈ। ਜਿਸ ਕਾਰਣ ਹੁਣ ਇਹ ਮਹਿੰਗੀ ਨਹੀਂ ਲੱਗਦੀ। ਉਹਨਾਂ ਦੱਸਿਆ ਕਿ ਐਸਪੀਐਸ ਹਸਪਤਾਲ ਵੱਲੋਂ ਮੋਟਾਪੇ ਦੀ ਜਾਂਚ ਲਈ ਇੱਕ ਮਾਰਚ ਤੋਂ 9 ਮਾਰਚ ਤੱਕ ਮੁਫਤ ਚੈਕਅਪ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ ਬੀਐਮਆਈ ਅਤੇ ਬਲੱਡ ਸ਼ੂਗਰ ਦੇ ਮੁਫਤ ਟੈਸਟ ਹੋਣਗੇ ਅਤੇ ਡਾਈਟੀਸ਼ਿਅਨ ਦੀ ਸਲਾਹ ਵੀ ਮੁਫਤ ਮਿਲੇਗੀ। ਮੈਡੀਕਲ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਨੀਲ ਕਤਿਆਲ ਨੇ ਕਿਹਾ ਕਿ ਸਤਿਗੁਰ ਉਦੇ ਸਿੰਘ ਜੀ ਦੇ ਆਸ਼ੀਰਵਾਦ ਨਾਲ ਐਸਪੀਐਸ ਹਸਪਤਾਲ ਪੰਜਾਬ ਦੇ ਲੋਕਾਂ ਨੂੰ ਵਧੀਆਂ ਸੇਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਕਿਹਾ ਕਿ ਐਸਪੀਐਸ ਹਸਪਤਾਲ ਮਰੀਜਾਂ ਨੂੰ ਇੱਕੋ ਛੱਤ ਥੱਲੇ ਸੰਸਾਰ ਪੱਧਰੀ ਮਿਆਰੀ ਸੇਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਹਸਪਤਾਲ ਦੇ ਮਾਰਕੀਟਿੰਗ ਵਿਭਾਗ ਦੇ ਮੁਖੀ ਹਰੀਸ਼ ਸ਼ਰਮਾ ਅਤੇ ਮੀਡੀਆ ਪ੍ਰਭਾਰੀ ਲਖਬੀਰ ਸਿੰਘ ਬੱਦੋਵਾਲ ਵੀ ਮੌਜੂਦ ਰਹੇ।