ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਤੇ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ
ਲੁਧਿਆਣਾ (ਦੀਪਕ ਸਾਥੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤੀਬਾੜੀ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ, ਵਧੀਕ ਮੁੱਖ ਸਕੱਤਰ (ਵਿਕਾਸ) ਕੇ.ਪੀ. ਸਿਨਹਾ, ਆਈ.ਏ.ਐਸ. ਦੀ ਅਗਵਾਈ ਅਤੇ ਡਾਇਰੈਕਟਰ ਖੇਤੀਬਾੜੀ ਡਾ਼ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ), ਐਨ.ਐਮ.ਆਈ.ਈ.ਟੀ., ਲੁਧਿਆਣਾ ਦੇ ਵਿੱਤੀ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਸਥਾਨਕ ਦਫਤਰ ਮੁੱਖ ਖੇਤੀਬਾੜੀ ਅਫਸਰ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਵਲੋਂ ਕੀਤਾ ਗਿਆ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਅਤੇ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਭੋਲਾ ਗਰੇਵਾਲ ਵਲੋਂ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਨ ਨਾਲ ਜਿਥੇ ਵਾਤਾਵਰਣ ਵਿੱਚ ਵਿਗਾੜ ਪੈਦਾ ਹੁੰਦਾ ਹੈ । ਉਹਨਾਂ ਕਿਹਾ ਕਿ ਕੁਦਰਤੀ ਚੱਕਰ ਵਿੱਚ ਆਏ ਵਿਗਾੜ ਨੂੰ ਠੀਕ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ। ਉਹਨਾਂ ਕਿਹਾ ਕਿ ਉਹ ਖੁਦ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਂਵਾਂ ਅਤੇ ਖੇਤੀ ਤਕਨੀਕਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਆ ਰਹੇ ਹਨ। ਕਿਸਾਨੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਹ ਭਲੀਭਾਂਤੀ ਜਾਣੂ ਹਨ। ਇਸ ਮੌਕੇ ਵਿਧਾਇਕ ਗੋਗੀ ਨੇ ਕਿਹਾ ਕਿ ਕਿਸਾਨ ਕਣਕ, ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਨਵੀਆਂ ਇਜਾਦ ਕੀਤੀਆਂ ਖੇਤੀਬਾੜੀ ਮਸ਼ੀਨਾਂ ਨਾਲ ਸੁਚੱਜੀ ਸਾਂਭ-ਸੰਭਾਲ ਕਰਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਹਰ ਬਣਦੀ ਸੰਭਵ ਮੱਦਦ ਦਿੱਤੀ ਜਾਵੇਗੀ। ਉਹਨਾਂ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਗੁਜਾਰਿਸ਼ ‘ਤੇ ਆਏ ਹੋਏ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਵਾਤਾਵਰਣ ਬਚਾਉਣ ਲਈ ਸੁਹੰ ਵੀ ਚੁਕਵਾਈ। ਵਿਧਾਇਕ ਗਰੇਵਾਲ ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਮੀਨ ਦੀ ਸਿਹਤ ਨੂੰ ਬਚਾਉਣ ਲਈ ਪਰਾਲੀ ਅਤੇ ਰਹਿੰਦ-ਖੂਹੰਦ ਨੂੰ ਖੇਤ ਵਿੱਚ ਵਾਹੁਣਾ ਬਹੁਤ ਜ਼ਰੂਰੀ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪਾਣੀ ਦੀ ਬੱਚਤ ਕਰਨਾ ਅਤੇ ਜ਼ਮੀਨ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਉਹਨਾਂ ਵਿਸ਼ਵਾਸ ਦੁਆਇਆ ਕਿ ਕਿਸਾਨਾਂ ਦੀਆਂ ਮਸ਼ਕਿਲਾਂ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ।
ਇਸ ਮੌਕੇ ਮਾਨਵ ਵਿਕਾਸ ਸੰਸਥਾਨ ਵੱਲੋਂ ਕਿਸਾਨਾਂ ਨੂੰ ਧਰਤ ਬਚਾਉਣ ਲਈ ਹੋਕਾ ਦਿੰਦੇ ਹੋਏ ਰੋਮਾਂਚਕ ਢੰਗ ਵਿੱਚ ਨਾਟਕ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਕਿਸਾਨਾਂ ਵੱਲੋਂ ਖੂਬ ਸਲਾਹਿਆ ਗਿਆ। ਇਸ ਮੌਕੇ ਮਨਦੀਪ ਸਿੰਘ ਸੇਖੋਂ ਪਿੰਡ ਪਮਾਲ ਵੱਲੋਂ ਆਪਣੇ ਰਚਿਤ ਗਾਣੇ ਦੀ ਪੇਸ਼ਕਾਰੀ ਕੀਤੀ ਗਈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜਿਲ੍ਹੇ ਅੰਦਰ ਕਿਸਾਨਾਂ ਨੂੰ ਮਿਆਰੀ ਕਿਸਮਾਂ ਦੇ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣਾ ਵਿਭਾਗ ਦਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਲਈ ਵਿਸ਼ੇਸ਼ ਤੌਰ ‘ਤੇ ਪਿੰਡ ਅਤੇ ਬਲਾਕ ਪੱਧਰੀ ਕੈਂਪ ਲਗਾ ਕੇ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਪੰਹੁਚਾਉਣ ਲਈ ਵਿਭਾਗ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਅਤੇ ਵਿਭਾਗੀ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਮਾਹਿਰਾਂ ਦੀ ਟੀਮ ਨੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਿਸਾਨਾਂ ਨਾਲ ਜਾਣਾਕਰੀ ਸਾਂਝੀ ਕੀਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦਿੱਤੇ। ਕੈਂਪ ਦੌਰਾਨ ਮੰਚ ਸੰਚਾਲਨ ਦੀ ਡਿਊਟੀ ਡਾ਼ ਲਖਵੀਰ ਸਿੰਘ, ਖੇਤੀਬਾੜੀ ਅਫਸਰ, ਸੁਧਾਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਅਤੇ ਸਵੈ-ਸਹਾਇਤਾਂ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਜ਼ਿਲ੍ਹੇ ਦੇ ਵੱਖ੍ਰਵੱਖ ਬਲਾਕਾਂ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੌਕੇ ਜਿਲ੍ਹੇ ਵਿੱਚ 60 ਅਗਾਂਹਵਧੂ ਕਿਸਾਨਾਂ ਨੂੰ ਵਿਭਾਗ ਵੱਲੋਂ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਇਸ ਕੈਂਪ ਵਿੱਚ ਜਿਲ੍ਹੇ ਭਰ ਦੇ 2000 ਤੋਂ ਵੱਧ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਕਿਸਾਨ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਡਾ਼ ਜਗਦੇਵ ਸਿੰਘ, ਡਾ਼ ਗੁਰਿੰਦਰਪਾਲ ਕੌਰ, ਡਾ਼ ਰੁਪਿੰਦਰ ਕੌਰ, ਡਾ਼ ਮਨਮੀਤ ਮਾਨਵ, ਡਾ਼ ਪ੍ਰਕਾਸ਼ ਸਿੰਘ, ਡਾ਼ ਦਾਰਾ ਸਿੰਘ, ਡਾ਼ ਜਸਵਿੰਦਰ ਸਿੰਘ, ਡਾ਼ ਕੁਲਦੀਪ ਸਿੰਘ ਸੇਖੋਂ, ਡਾ਼ ਰਾਮ ਸਿੰਘ ਪਾਲ, ਡਾ਼ ਨਿਰਮਲ ਸਿੰਘ, ਡਾ਼ ਸੁਖਵਿੰਦਰ ਕੌਰ ਗਰੇਵਾਲ ਡਾ਼ ਗੁਰਦੀਪ ਸਿੰਘ, ਡਾ਼ ਗੁਰਮੁੱਖ ਸਿੰਘ, ਡਾ਼ ਗੌਰਵ ਧੀਰ, ਡਾ਼ ਪ੍ਰਦੀਪ ਸਿੰਘ ਟਿਵਾਣਾ, ਡਾ਼ ਪ੍ਰਿਤਪਾਲ ਸਿੰਘ, ਡਾ਼ ਗਗਨਦੀਪ ਕੌਰ, ਇੰਜ: ਅਮਨਪ੍ਰੀਤ ਸਿੰਘ ਘਈ, ਇੰਜ: ਹਰਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਖੇੜਾ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਸੱਜਣ ਸਿੰਘ, ਪ੍ਰਗਟ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ।