ਲੁਧਿਆਣਾ (ਰਾਜਕੁਮਾਰ ਸਾਥੀ)। ਪਿਛਲੇ ਦਿਨੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕਰਮਚਾਰੀ ਪ੍ਰਭਜੋਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਆਪਣੇ ਘਰ ਤੋਂ ਦਫ਼ਤਰ ਆਉਂਦਿਆਂ ਸਾਹਨੇਵਾਲ ਨੇੜੇ ਜੀ. ਟੀ. ਰੋਡ ਤੇ ਹਾਦਸਾ ਵਾਪਰ ਗਿਆ ਸੀ। ਅੱਜ ਦੁਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਜਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਪਰਿਵਾਰ ਦੇ ਗ੍ਰਹਿ ਖੰਨਾ ਵਿਖੇ ਅੰਤਿਮ ਅਰਦਾਸ ਮੌਕੇ ਪਹੁੰਚੇ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਸ ਅਸਿਹ ਅਤੇ ਅਕਿਹ ਦੁਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਕਿਹਾ ਕਿ ਪ੍ਰਭਜੋਤ ਸਿੰਘ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਇਕ ਸਮਰਪਿਤ ਮੁਲਾਜ਼ਮ ਸੀ ਜੋ ਕਿ ਡੀ.ਪੀ.ਆਰ.ਓ ਲੁਧਿਆਣਾ ਪੁਨੀਤ ਪਾਲ ਸਿੰਘ ਗਿੱਲ ਹੋਰਾਂ ਨਾਲ ਸੇਵਾ ਨਿਭਾ ਰਹੇ ਸਨ। ਉਨ੍ਹਾਂ ਹੋਰ ਕਿਹਾ ਕਿ ਇਸ ਦੁਖ ਦੀ ਘੜੀ ਵਿੱਚ ਉਹ ਨਿੱਜੀ ਤੌਰ ਤੇ ਪਰਿਵਾਰ ਨਾਲ ਖੜ੍ਹੇ ਹਨ।