ਜਵੱਦੀ ਤੇ ਪੋਹੀੜ ਦੇ ਸਿਹਤ ਕੇਂਦਰਾਂ ‘ਚ ਵੀ ਸੁਰੂ ਕੀਤਾ ਜਾ ਰਿਹਾ ਹੈ ਆਈਸੀਐਮਆਰ ਦਾ ਪ੍ਰੋਜੈਕਟ – ਡਾ. ਬਿਸ਼ਵ ਮੋਹਨ
ਲੁਧਿਆਣਾ, 06 ਨਵੰਬਰ (ਰਾਜਕੁਮਾਰ ਸਾਥੀ)। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿੱਚ ਸਮੇਂ ਸਿਰ ਇਲਾਜ਼ ਮੁਹੱਈਆ ਕਰਵਾਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡੀ.ਐਮ.ਸੀ.ਐਚ. ਵਿੱਚ ਇੱਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਸੰਸਥਾ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਦੇ ਸਾਹਮਣੇ ਇਹ ਰਾਸ਼ੀ ਕੁਝ ਵੀ ਨਹੀਂ ਹੈ ਅਤੇ ਇਹ ਗਰੀਬ ਲੋਕਾਂ ਦੀ ਸੇਵਾ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਵਚਨਬੱਧਤਾ ਪ੍ਰਤੀ ਧੰਨਵਾਦੀ ਚਿੰਨ੍ਹ ਹੈ। ਸ੍ਰੀ ਆਸ਼ੂ ਨੇ ਕਿਹਾ ਕਿ ਡੀ.ਐਮ.ਸੀ.ਐਚ. ਦੇ ਡਾਕਟਰਾਂ ਅਤੇ ਸਿਹਤ ਸਟਾਫ ਨੇ ਕੋਵਿਡ-19 ਵਿਰੁੱਧ ਜੰਗ ਵਿੱਚ ਮਿਸਾਲੀ ਯੋਗਦਾਨ ਪਾਇਆ ਹੈ ਅਤੇ ਕਈ ਕੀਮਤੀ ਜਾਨਾਂ ਬਚਾਈਆਂ ਹਨ।
ਉਨ੍ਹਾਂ ਕਿਹਾ ਕਿ ਸਿਹਤ ਸੰਸਥਾ ਦੇ ਪ੍ਰਬੰਧਕਾਂ ਨੇ ਕੋਵਿਡ-19 ਦੀਆਂ ਲਹਿਰਾਂ ਦੌਰਾਨ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਵਾਇਰਸ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਸਰਕਾਰ ਨਾਲ ਅਣਥੱਕ ਮਿਹਨਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਯੋਧਿਆਂ ਵੱਲੋਂ ਦਿਖਾਇਆ ਗਿਆ ਅਦੁੱਤੀ ਜਜ਼ਬਾ ਦੂਜਿਆਂ ਦੀ ਮਦਦ ਕਰਨ ਅਤੇ ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਲਈ ਇੱਕ ਚਾਨਣ ਮੁਨਾਰਾ ਬਣਿਆ। ਪ੍ਰੋਜੈਕਟ ਲਈ ਗ੍ਰਾਂਟ ਦਾ ਐਲਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਆਈ.ਸੀ.ਐਮ.ਆਰ. ਪ੍ਰੋਜੈਕਟ ਲੁਧਿਆਣਾ ਦੇ 11 ਸਿਹਤ ਕੇਂਦਰਾਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਵਿੱਤੀ ਸਹਾਇਤਾ ਨਾਲ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਅਤੇ ਹੋਰ ਜਾਨਾਂ ਬਚਾਉਣ ਵਿੱਚ ਵੀ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹੀ ਪ੍ਰੋਜੈਕਟ ਜਵੱਦੀ ਸੀ.ਐਚ.ਸੀ. ਅਤੇ ਪੇਂਡੂ ਸਿਹਤ ਕੇਂਦਰ ਪੋਹੀੜ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਦਿਲ ਦੇ ਦੌਰੇ ਦੇ ਲੱਛਣਾਂ ਦੀ ਸ਼ੁਰੂਆਤ ਦੇ ਸੁਨਹਿਰੀ ਪੀਰੀਅਡ (ਪਹਿਲੇ 90 ਮਿੰਟ) ਦੇ ਅੰਦਰ ਮਰੀਜ਼ ਨੂੰ ਕਲਾਟ-ਬਸਟਰ ਡਰੱਗ ਟੇਨੈਕਟੇਪਲੇਸ ਦੇ ਕੇ ਕੀਮਤੀ ਜਾਨਾਂ ਨੂੰ ਦਿਲ ਦੇ ਦੌਰੇ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਤਰ ਮਰੀਜ਼ ਦਿਲ ਵਿੱਚ ਖੂਨ ਦੇ ਥੱਕੇ ਨੂੰ ਘੋਲਣ ਲਈ ਵਰਤੀ ਜਾ ਰਹੀ ਟੇਨੈਕਟੇਪਲੇਸ ਦਵਾਈ ਖਰੀਦਣ ਵਿੱਚ ਸਮਰੱਥ ਨਹੀਂ ਹੁੰਦੇ ਕਿਉਂਕਿ ਇਸਦੀ ਕੀਮਤ (ਲਗਭਗ 25,000-30,000 ਰੁਪਏ) ਕਾਫੀ ਜ਼ਿਆਦਾ ਹੈ ਅਤੇ ਇਸ ਪ੍ਰੋਜੈਕਟ ਤਹਿਤ ਇਹ ਦਵਾਈ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਂਦੀ ਹੈ। ਇਸ ਮੌਕੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਸੰਨੀ ਭੱਲਾ, ਡੀ.ਐਮ.ਸੀ.ਐਚ. ਦੇ ਸਕੱਤਰ ਪ੍ਰੇਮ ਗੁਪਤਾ, ਡਾ. ਸੰਦੀਪ ਪੁਰੀ, ਡਾ. ਜੀ.ਐਸ. ਵਾਂਡਰ, ਡਾ. ਰਾਜੇਸ਼ ਮਹਾਜਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।