ਲੁਧਿਆਣਾ, (ਰਾਜਕੁਮਾਰ ਸਾਥੀ)। ਇਹ ਮਸ਼ਹੂਰ ਕਹਾਵਤ ਕਿ ਉਮਰ ਸਿਰਫ਼ ਇੱਕ ਗਿਣਤੀ ਹੈ, ਨੂੰ ਸੱਚ ਕਰਕੇ ਵਿਖਾਉਂਦਿਆਂ ਸਾਢੇ ਤਿੰਨ ਸਾਲ ਦੇ ਕੁੰਵਰਪ੍ਰਤਾਪ ਸਿੰਘ ਨੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਤੇਜ਼ ਯਾਦਾਸ਼ਤ ਲਈ ਚਾਈਲਡ ਪ੍ਰੋਡਿਜੀ ਮੈਗਜ਼ੀਨ ਲਈ ਵੀ ਚੁਣਿਆ ਗਿਆ ਹੈ। ਕੁੰਵਰਪ੍ਰਤਾਪ ਸਿੰਘ ਸਰਾਭਾ ਨਗਰ ਵਿਚ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ। ਆਪਣੀ ਵਿਲੱਖਣ ਯਾਦਾਸ਼ਤ ਦੀਆਂ ਕੁਸ਼ਲਤਾਵਾਂ ਨਾਲ, ਕੁੰਵਰਪ੍ਰਤਾਪ ਨੇ 5 ਵੀਂ ਗ੍ਰੇਡ ਦੇ ਵਿਦਿਆਰਥੀ ਨੂੰ ਪਛਾੜ ਦਿੱਤਾ। ਕੁੰਵਰਪ੍ਰਤਾਪ ਨੂੰ 1 ਤੋਂ 40 ਤੱਕ ਪਹਾੜੇ, ਵਿਸ਼ਵ ਦੇ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ, ਕਿਸੇ ਵੀ ਸੰਖਿਆ ਦੀ ਗੁਣਾ ਅਤੇ ਅਭਾਜ ਸੰਖਿਆਵਾਂ ਬਾਰੇ ਸਭ ਕੁੱਝ ਜੁਬਾਨੀ ਯਾਦ ਹੈ। ਕਿਤਾਬਾਂ ਪ੍ਰਤੀ ਉਸਦਾ ਜਨੂੰਨ ਉਸਦੀ ਕਿਤਾਬਾਂ ਪੜ੍ਹਨ ਅਤੇ ਭਾਸ਼ਾ ਬੋਲਣ ਦੀ ਪ੍ਰਵਿਰਤੀ ਤੋਂ ਝਲਕਦਾ ਹੈ। ਉਹ ਲੰਬੇ ਸ਼ਬਦਾਂ ਦਾ ਉਚਾਰਨ ਆਸਾਨੀ ਨਾਲ ਕਰ ਸਕਦਾ ਹੈ ਅਤੇ ਪੜ੍ਹਨ ਵਿੱਚ ਵੀ ਉਹ ਕਾਫ਼ੀ ਕੁਸ਼ਲ ਹੈ। ਗੁਣਾ, ਘਟਾਓ ਅਤੇ ਵੰਡ ਦੇ ਸਵਾਲਾਂ ਨੂੰ ਜੁਬਾਨੀ ਹੱਲ ਕਰਨ ਵਿੱਚ ਉਸ ਦਾ ਅਦਭੁੱਤ ਹੁਨਰ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ। ਕੁੰਵਰਪ੍ਰਤਾਪ ਦੇ ਮਾਪਿਆਂ ਨੇ ਦੱਸਿਆ ਕਿ ਸੈਕਰਡ ਹਾਰਟ ਵਿਖੇ ਪੜ੍ਹਨਾ ਉਸ ਦੀ ਖੁਸ਼ਕਿਸਮਤੀ ਹੈ ਕਿਉਂਕਿ ਕੁੰਵਰਪ੍ਰਤਾਪ ਵੱਲੋਂ ‘ਸ਼ੇਅਰਿੰਗ ਐਂਡ ਕੇਅਰਿੰਗ’ ਦੀ ਅਹਿਮੀਅਤ ਨੂੰ ਇੰਨੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸ ਨੂੰ ਆਪਣੇ ਨਾਲ ਖੇਡਣ ਵਾਲੇ ਹਮਉਮਰ ਬੱਚਿਆਂ ਨੂੰ ਪੜ੍ਹਾਉਣਾ ਚੰਗਾ ਲੱਗਦਾ ਹੈ। ਉਸਨੂੰ ਕਲੋਨੀ ਦੇ ਸਾਰੇ ਵਸਨੀਕਾਂ ਦੇ ਨਾਮ, ਮਕਾਨ ਨੰਬਰ ਅਤੇ ਹੋਰ ਵੇਰਵੇ ਵੀ ਯਾਦ ਹਨ। ਉਹ ਓਲੰਪਿਆਡ ਵੀ ਬਹੁਤ ਆਸਾਨੀ ਨਾਲ ਕਰ ਲੈਂਦਾ ਹੈ ਅਤੇ ਉਸਦੇ ਨਾਂ ‘ਤੇ ਕਈ ਵਿਸ਼ਵ ਰਿਕਾਰਡ ਦਰਜ ਹਨ। ਤਸਵੀਰਾਂ ਨੂੰ ਯਾਦ ਰੱਖਣ ਦੀ ਆਪਣੀ ਵਿਲੱਖਣ ਯਾਦ ਸ਼ਕਤੀ ਨਾਲ ਉਹ ਇਕ ਸਾਲ ਅਤੇ ਉਸ ਤੋਂ ਪਹਿਲਾਂ ਹੋਈ ਕਿਸੇ ਵੀ ਗੱਲ ਜਾਂ ਘਟਨਾ ਨੂੰ ਤੁਰੰਤ ਯਾਦ ਕਰ ਸਕਦਾ ਹੈ। ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ, ਉਸ ਨੂੰ 1 ਮਿੰਟ ਵਿਚ 27 ਸਮਾਰਕਾਂ ਦੇ ਨਾਂ ਦੱਸਣ ਅਤੇ 1 ਮਿੰਟ ਵਿਚ 14 ਪਹਾੜੇ ਸੁਣਾਉਣ ਲਈ ਗ੍ਰੈਂਡਮਾਸਟਰ ਦਾ ਖਿਤਾਬ ਦਿੱਤਾ ਗਿਆ। ਇੰਨੀ ਛੋਟੀ ਉਮਰ ਵਿੱਚ 1 ਤੋਂ 30 ਤੱਕ ਪਹਾੜੇ ਸੁਣਾਉਣ, 48 ਸਕਿੰਟਾਂ ਵਿਚ ਸਾਰੇ ਭਾਰਤੀ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸਣ, 23 ਮਿੰਟ 48 ਸਕਿੰਟਾਂ ਵਿਚ 27 ਕਿਤਾਬਾਂ ਪੜ੍ਹਨ ਲਈ ਉਸ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ। ਚਾਈਲਡ ਪ੍ਰੋਡਿਜੀ ਮੈਗਜ਼ੀਨ ਵਿਚ, ਉਸ ਨੂੰ ਪੂਰੇ ਭਾਰਤ ਵਿਚੋਂ ਚੋਟੀ ਦੇ 100 ਬੱਚਿਆਂ ਵਿਚੋਂ ਚੁਣਿਆ ਗਿਆ।