ਭਾਰਤ ਭੂਸ਼ਣ ਆਸ਼ੂ ਵੱਲੋਂ ਹੈਬੋਵਾਲ ਵਿਖੇ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਉਦਘਾਟਨ
1 ਕਰੋੜ ਰੁਪਏ ਦੀ ਲਾਗਤ ਵਾਲੇ ਸੈਂਟਰ ਨੂੰ ਨਿਰਵਿਘਨ ਚਲਾਉਣ ਨੂੰ ਯਕੀਨੀ ਬਣਾਉਣ ਲਈ ਮਾਹਰ ਵੈਟਨਰੀ ਡਾਕਟਰ ਅਤੇ ਸਟਾਫ ਤੈਨਾਤ ਕੀਤਾ ਜਾਵੇਗਾ
ਸੈਂਟਰ ਵੱਲੋ ਰੋਜ਼ਾਨਾ 60 ਕੁੱਤਿਆਂ ਦੀ ਨਸਵੰਦੀ ਦੇ ਨਾਲ ਅਗਲੇ ਡੇਢ ਸਾਲ ‘ਚ ਸਾਰੇ ਆਵਾਰਾ ਕੁੱਤਿਆਂ ਨੂੰ ਕੀਤਾ ਜਾਵੇਗਾ ਕਵਰ – ਆਸ਼ੂ
ਲੁਧਿਆਣਾ (ਰਾਜਕੁਮਾਰ ਸਾਥੀ) । ਜਾਨਵਰਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਅਤੇ ਅਵਾਰਾ ਕੁੱਤਿਆਂ ਦੇ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਹੈਬੋਵਾਲ ਵਿੱਚ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਜਿੱਥੇ ਨਰ ਅਤੇ ਮਾਦਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ। ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਨਿਗਮ ਕੌਂਸਲਰ ਮਮਤਾ ਆਸ਼ੂ ਅਤੇ ਡਾ. ਜੈ ਪ੍ਰਕਾਸ਼, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ, ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਦੇ ਨਾਲ ਸ੍ਰੀ ਆਸ਼ੂ ਨੇ ਦੱਸਿਆ ਕਿ ਇਹ ਸੈਂਟਰ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਤਿੰਨ ਮਾਹਰ ਵੈਟਰਨਰੀ ਡਾਕਟਰਾਂ ਦੀ ਟੀਮ ਦੇ ਨਾਲ 14 ਸਹਾਇਕ ਸਟਾਫ ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਿੱਚ ਨਸਬੰਦੀ ਕਮਰੇ, ਆਪ੍ਰੇਸ਼ਨ ਥੀਏਟਰ, 22 ਆਵਾਰਾ ਕੁੱਤਿਆ ਨੂੰ ਰੱਖਣ ਵਾਲੇ ਪਿੰਜਰੇ (ਕੈਨਲ) ਜੋਕਿ 6 ਆਪ੍ਰੇਸ਼ਨ ਤੋਂ ਪਹਿਲਾਂ ਅਤੇ 16 ਆਪ੍ਰੇਸ਼ਨ ਤੋਂ ਬਾਅਦ ਲਈ ਹਨ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਨਵੇਂ ਸੈਂਟਰ ਵਿੱਚ ਦੋ ਕੁੱਤੇ ਫੜਨ ਵਾਲੇ ਵਾਹਨ ਹਨ ਜੋ ਅਵਾਰਾ ਕੁੱਤਿਆਂ ਨੂੰ ਰੋਜ਼ਾਨਾ ਫੜਨਗੇ। ਇ੍ਹਨਾਂ ਕੁੱਤਿਆਂ ਨੂੰ ਪਹਿਲਾਂ ਲੈਂਡਿੰਗ ਏਰੀਆ, ਫੇਰ ਕੈਨਲ ਅਤੇ ਬਾਅਦ ਵਿੱਚ ਆਪ੍ਰੇਸ਼ਨ ਥੀਏਟਰ ਲਿਜਾਇਆ ਜਾਵੇਗਾ ਜਿੱਥੇ ਡਾਕਟਰ ਉਨ੍ਹਾਂ ਦੀ ਸਰਜਰੀ ਕਰਨਗੇ। ਸ੍ਰੀ ਆਸ਼ੂ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ, ਨਸਬੰਦੀ ਵਾਲੇ ਕੁੱਤਿਆਂ ਨੂੰ ਕੈਨਲਜ਼ ਵਿੱਚ ਪੰਜ ਤੋਂ ਛੇ ਦਿਨ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਐਨੀਮਲ ਵੈਲਫੇਅਰ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸੇ ਕੁਦਰਤੀ ਨਿਵਾਸ ‘ਤੇ ਛੱਡ ਦਿੱਤਾ ਜਾਵੇਗ ਜਿੱਥੋ ਟੀਮ ਦੁਆਰ ਉਸਨੂੰ ਚੁੱਕਿਆ ਗਿਆ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਛੱਡਣ ਤੋਂ ਪਹਿਲਾਂ ਉਨ੍ਹਾ ਨੂੰ ਐਂਟੀ ਰੈਬੀਜ਼ ਟੀਕੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਇੱਕ ਨਸਬੰਦੀ ਲਈ 1200 ਰੁਪਏ ਖਰਚ ਆਉਣਗੇ ਅਤੇ ਸੈਂਟਰ ਰੋਜ਼ਾਨਾ 100 ਨਸਬੰਦੀ ਕਰਵਾਏਗਾ ਅਤੇ ਅਗਲੇ ਡੇਢ ਸਾਲ ਵਿੱਚ, ਲੁਧਿਆਣਾ ਦੇ ਸਾਰੇ ਅਵਾਰਾ ਕੁੱਤਿਆਂ ਦੀ ਸੈਂਟਰ ‘ਤੇ ਨਸਬੰਦੀ ਕੀਤੀ ਜਾਵੇਗੀ। ਉਨ੍ਹਾਂ ਸੈਂਟਰ ਨੂੰ ਚਲਾਉਣ ਅਤੇ ਲੋਕਾਂ ਨੂੰ ਲੋੜੀਂਦੀ ਰਾਹਤ ਦੇਣ ਲਈ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।