7 ਜਨਵਰੀ ਤੋਂ ਹੋਵੇਗੀ ”ਯੂਥ ਆਫ ਪੰਜਾਬ” ਮੁਹਿੰਮ ਦੀ ਸ਼ੁਰੂਆਤ
ਮੁਹਿੰਮ ਤਹਿਤ ਨੌਜਵਾਨਾਂ ਨੂੰ ਵੰਡੀਆਂ ਜਾਣਗੀਆਂ ਖੇਡ ਕਿੱਟਾਂ – ਸੁਖਵਿੰਦਰ ਸਿੰਘ ਬਿੰਦਰਾ
7 ਜਨਵਰੀ ਅਤੇ 28 ਜਨਵਰੀ ਨੂੰ ਲੁਧਿਆਣਾ ਵਿਖੇ ਨੋਜਵਾਨਾਂ ਨੂੰ ਕਿੱਟਾਂ ਵੰਡਣ ਲਈ ਕੀਤੇ ਜਾਣਗੇ ਸਮਾਗਮ
ਲੁਧਿਆਣਾ (ਰਾਜਕੁਮਾਰ ਸਾਥੀ) । ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਰਾਜ ਵਿੱਚ ”ਯੂਥ ਆਫ ਪੰਜਾਬ” ਮੁਹਿੰਮ ਦੀ ਸੂਰੂਆਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਮੁਫਤ ਖੇਡ ਕਿੱਟਾਂ ਵੰਡੀਆਂ ਜਾਣਗੀਆਂ।
ਸਥਾਨਕ ਬੱਚਤ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿੰਦਰਾ ਨੇ ਕਿਹਾ ਕਿ ਇਹ ਮੁਹਿੰਮ ਸਰਕਾਰੀ ਤੌਰ ‘ਤੇ 7 ਜਨਵਰੀ, 2021 ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀ ਜਾਵੇਗੀ, ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਖੇਤਰਾਂ ਦੇ ਯੂਥ ਕਲੱਬਾਂ ਨੂੰ ਸਪੋਰਟਸ ਕਿੱਟਾਂ ਨੌਜਵਾਨਾਂ ਨੂੰ ਵੰਡਣ ਲਈ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇੱਕ ਹੋਰ ਸਮਾਗਮ 28 ਜਨਵਰੀ, 2021 ਨੂੰ ਹੋਵੇਗਾ, ਜਿੱਥੇ ਲੁਧਿਆਣਾ ਦੇ ਦਿਹਾਤੀ ਇਲਾਕਿਆਂ ਦੇ ਯੂਥ ਕਲੱਬਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸਮਾਗਮ ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸੰਦੀਪ ਕੁਮਾਰ ਵੀ ਸ਼ਾਮਿਲ ਸਨ। ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸੈਂਕੜੇ ਯੂਥ ਕਲੱਬ ਇਨ੍ਹਾਂ ਦੋਵਾਂ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕਈ ਉਦਯੋਗਿਕ ਘਰਾਣਿਆਂ ਜਿਵੇਂ ਕਿ ਹੀਰੋ ਈਕੋਟੈਕ, ਏਵਨ ਸਾਈਕਲਜ਼, ਕੰਗਾਰੂ ਉਦਯੋਗਾਂ, ਹਾਈਵੇਅ ਉਦਯੋਗਾਂ, ਕੇ.ਜੇ. ਫਾਰਜਿੰਗ ਆਦਿ ਇਸ ਮੁਹਿੰਮ ਦੇ ਸਬੰਧ ਵਿੱਚ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਖੇਡ ਕਿੱਟ ਵਿੱਚ ਕ੍ਰਿਕਟ, ਵਾਲੀਬਾਲ ਅਤੇ ਫੁੱਟਬਾਲ ਦੀਆਂ ਕਿੱਟਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਖੇਡ ਕਿੱਟ ਨੂੰ ਹਰੇਕ ਖੇਤਰ ਵਿੱਚ 70-80 ਨੌਜਵਾਨਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਕਿੱਟ ਵਿੱਚ ਟੀਮ ਦੀਆਂ ਪੂਰੀਆਂ ਖੇਡ ਕਿੱਟਾਂ ਸ਼ਾਮਿਲ ਹਨ। ਸ਼੍ਰੀ ਬਿੰਦਰਾ ਨੇ ਦੱਸਿਆ ਕਿ ਜੇ ਕੋਈ ਵੀ ਯੂਥ ਕਲੱਬ ਜਿਸ ਨੇ ਖੇਡਾਂ ਦੇ ਖੇਤਰ ਵਿੱਚ ਜਾਂ ਕਿਸੇ ਸਮਾਜਿਕ ਕੰਮ ਲਈ ਜਾਂ ਕੋਵਿਡ ਦੌਰਾਨ ਕੰਮ ਕੀਤਾ ਹੈ ਤਾਂ ਈਮੇਲ ਆਈ.ਡੀ. chairmanyouthboardpb@gmail.com ਜਾਂ ਫੋਨ ਨੰਬਰ 95772-00003 ‘ਤੇ ਇਨ੍ਹਾਂ ਕੰਮਾਂ ਦੀਆਂ ਸਹਾਇਤਾ ਵਾਲੀਆਂ ਫੋਟੋਆਂ/ਦਸਤਾਵਜ਼ਾਂ ਦੇ ਨਾਲ ਅਰਜ਼ੀ ਦੇ ਸਕਦਾ ਹੈ ਅਤੇ ਅਪਲਾਈ ਕਰਨ ਵਾਲੇ ਅਰਜ਼ੀਕਰਤਾ ਵੱਲੋਂ ਦਿੱਤੇ ਪ੍ਰਮਾਣ ਪੱਤਰਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਮੁਫਤ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ਼੍ਰੀ ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਵਿੱਚ ਪੰਜਾਬ ਦੀ ਜਵਾਨੀ ਦੀ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਰਾਜ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੇ ਹੋਰ ਸਮਾਗਮ ਕੀਤੇ ਜਾਣਗੇ।