ਲੁਧਿਆਣਾ, (ਰਾਜਕੁਮਾਰ ਸਾਥੀ) । ਸਿੱਖ ਪੰਥ ਦੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੁਰਜੀਤ ਸਪੋਰਟਸ ਐਸੋਸੀਏਸ਼ਨ (ਰਜ਼ਿ) ਬਟਾਲਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਕੋਟਲਾ ਸ਼ਾਹੀਆਂ ਵੱਲੋਂ 30 ਅਪ੍ਰੈਲ ਨੂੰ ਸੂਰਮਗਤੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਸਰਪ੍ਰਸਤ ਗੁਰਭਜਨ ਸਿੰਘ ਗਿੱਲ ਨੇ ਦਿੰਦਿਆਂ ਦੱਸਿਆ ਕਿ ਪਿਛਲੇ ਦਸ ਸਾਲ ਤੋਂ ਇਹ ਸੂਰਮਗਤੀ ਦਿਵਸ ਰਾਜ ਪੱਧਰੀ ਸਮਾਗਮ ਵਜੋਂ ਬਟਾਲਾ ਨੇੜੇ ਪਿੰਡ ਕੋਟਲਾ ਸ਼ਾਹੀਆ ਚ ਮਨਾਇਆ ਜਾਂਦਾ ਹੈ। ਸੁਰਜੀਤ ਸਪੋਰਟਸ ਐਸੋਸੀਏਸ਼ਨ (ਰਜ਼ਿ) ਬਟਾਲਾ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਹੇਅਰ ਐੱਸ.ਪੀ. ਅਤੇ ਐਸੋਸੀਏਸ਼ਨ ਦੇ ਬੁਲਾਰੇ ਨਿਸ਼ਾਨ ਸਿੰਘ ਰੰਧਾਵਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਰਮਗਤੀ ਦਿਵਸ 30 ਅਪ੍ਰੈਲ 2022 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਪਿੰਡ ਕੋਟਲਾ ਸ਼ਾਹੀਆਂ (ਪਿਛਵਾੜੇ ਖੰਡ ਮਿੱਲ ਬਟਾਲਾ) ਜ਼ਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਭਾਈ ਦਵਿੰਦਰ ਸਿੰਘ ਬਟਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਇਲਾਹੀ ਬਾਣੀ ਦਾ ਕੀਰਤਨ ਕਰਨਗੇ। ਇਸ ਤੋਂ ਇਲਾਵਾ ਬੀਬੀ ਜਸਬੀਰ ਕੌਰ ਜੱਸ ਸੁਲਤਾਨਪੁਰ ਲੋਧੀ ਵਾਲਿਆਂ ਦਾ ਢਾਡੀ ਜਥਾ ਕੁਰਬਾਨੀ ਦੀਆਂ ਵਾਰਾਂ ਪੇਸ਼ ਕਰੇਗਾ। ਇਸ ਮੌਕੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਦੇ ਇਤਿਹਾਸ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਬਲਜੀਤ ਸਿੰਘ ਵਿਰਕ ਸੰਗਤਾਂ ਨੂੰ ਜਰਨੈਲ ਹਰੀ ਸਿੰਘ ਨਲੂਆ ਦੇ ਜੀਵਨ, ਕੁਰਬਾਨੀ ਅਤੇ ਸੂਰਮਗਤੀ ਪਰੰਪਰਾ ਬਾਰੇ ਸੰਬੋਧਨ ਕਰਨਗੇ। ਇਸ ਸਾਲ ਦਾ ਜਰਨੈਲ ਹਰੀ ਸਿੰਘ ਨਲੂਆ ਯਾਦਗਾਰੀ ਪੁਰਸਕਾਰ ਵੀ ਬਲਜੀਤ ਸਿੰਘ ਵਿਰਕ ਨੂੰ ਪ੍ਰਦਾਨ ਕੀਤਾ ਜਾਵੇਗਾ। ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਹੇਅਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਧਾਨ ਸਭਾ ਬਟਾਲਾ ਦੇ ਵਿਧਾਇਕ ਅਤੇ ਪਿੰਡ ਵਾਸੀ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵੀ ਸੰਗਤ ਵਿੱਚ ਹਾਜ਼ਰੀ ਭਰਨਗੇ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਬੇਸ਼ਕੀਮਤੀ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਅਤੇ ਸੂਰਮਗਤੀ ਦਿਵਸ ਮਨਾਉਣੇ ਸਾਡਾ ਸਾਰਿਆਂ ਦਾ ਇਖਲਾਕੀ ਫਰਜ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 30 ਅਪ੍ਰੈਲ ਦੇ ਸੂਰਮਗਤੀ ਦਿਵਸ ਵਿੱਚ ਆਪਣੀ ਹਾਜ਼ਰੀ ਜਰੂਰ ਲਗਵਾਉਣ। ਇਸ ਮੌਕੇ ਸੁਰਜੀਤ ਸਪੋਰਟਸ ਐਸੋਸੀਏਸ਼ਨ (ਰਜ਼ਿ) ਬਟਾਲਾ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਹੇਅਰ ਐੱਸ.ਪੀ. ਅਤੇ ਐਸੋਸੀਏਸ਼ਨ ਦੇ ਬੁਲਾਰੇ ਨਿਸ਼ਾਨ ਸਿੰਘ ਰੰਧਾਵਾ, ਰੁਪਿੰਦਰ ਸਿੰਘ ਸ਼ਾਮਪੁਰਾ, ਸੁਰਭਿੰਦਰ ਸਿੰਘ ਭਾਗੋਵਾਲ, ਡੀ.ਪੀ.ਆਰ.ਓ. ਬਟਾਲਾ ਇੰਦਰਜੀਤ ਸਿੰਘ ਹਰਪੁਰਾ,ਯੋਗਰਾਜ ਸਿੰਘ ਕਾਹਲੋਂ, ਗੁਰਦਰਸ਼ਨ ਸਿੰਘ ਵੀ ਮੌਜੂਦ ਸਨ।