ਲੁਧਿਆਣਾ (ਦੀਪਕ ਸਾਥੀ)।ਸਿਹਤ ਵਿਭਾਗ ਵੱਲੋਂ ਆਈਸੀਐਮਆਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਸਟੈਮੀ ਪ੍ਰੋਗਰਾਮ ਦੌਰਾਨ ਲੁਧਿਆਣਾ ਵਿੱਚ 189 ਲੋਕਾਂ ਦੀ ਜਾਨ ਬਚਾਈ ਗਈ। ਵਧੀਆ ਕਾਰਗੁਜਾਰੀ ਕਰਕੇ ਪੰਜਾਬ ਵਿੱਚ ਮੋਹਰੀ ਸਥਾਨ ਹਾਸਿਲ ਕਰਨ ਤੇ ਸੇਹਤ ਮੰਤਰੀ ਨੇ ਲੁਧਿਆਣਾ ਨੂੰ ਸਨਮਾਨਿਤ ਕੀਤਾ। ਲੁਧਿਆਣਾ ਜਿਲੇ ਵਿੱਚ ਇਹ ਪ੍ਰੋਜੈਕਟ ਜਿਲਾ ਹਸਪਤਾਲ, ਸਬ-ਡਵੀਜਨਲ ਹਸਪਤਾਲ ਖੰਨਾ, ਸਮਰਾਲਾ, ਰਾਏਕੋਟ, ਜਗਰਾਓੰ ਅਤੇ ਕਮਿਉਨਿਟੀ ਹੈਲਥ ਸੈਂਟਰ (ਸੀਐਚਸੀ) ਮਲੋਦ ਤੇ ਮਾਛੀਵਾੜਾ ਵਿੱਚ ਚਲਾਇਆ ਜਾ ਰਿਹਾ ਹੈ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਡਾ ਜ਼ਸਬੀਰ ਸਿੰਘ ਅੋਲਖ ਨੇ ਦੱਸਿਆ ਕਿ ਲੋਕਾਂ ਨੂੰ ਦਿਲ ਦੇ ਦੌਰੇ ਤੋਂ ਬਚਾਉਣ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਈਸੀਐਮਆਰ ਦੇ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਸ਼ੁਰੂ ਕੀਤੇ ਗਏ ਸਟੈਮੀ ਪੰਜਾਬ ਪ੍ਰਾਜੈਕਟ ਤਹਿਤ 189 ਵਿਅਕਤੀਆਂ ਨੂੰ ਲੱਗਭੱਗ 35000 ਦੀ ਲਾਗਤ ਵਾਲਾ ਟੀਕਾ ਮੁਫਤ ਲਗਾਇਆ ਗਿਆ ਹੈ।ਵਿਭਾਗ ਵੱਲੋ ਇਸ ਪ੍ਰਾਜੈਕਟ ਦਾ ਨਾਮ ਮਿਸ਼ਨ ਐਕਿਊਟ ਮਾਇਓਕਾਰਡਿਅਲ ਰੀਵੈਸਕੁਲਰਾਈਜ਼ੇਸ਼ਨ ਇਨ ਟਾਈਮ (ਅੰਮ੍ਰਿਤ) ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਦਿਲ ਦੇ ਦੌਰੇ ਦੀਆਂ ਘਟਨਾਵਾਂ, ਖਾਸ ਤੌਰ ਤੇ ਨੌਜਵਾਨਾਂ ਵਿੱਚ ਵੱਧ ਰਹੀਆਂ ਹਨ, ਸਰਕਾਰੀ ਹਸਪਤਾਲਾਂ ਵਿੱਚ ਏਆਈ ਅਧਾਰਤ ਹੱਬ ਐਂਡ ਸਪੋਕ ਮਾਡਲ ਤੇ ਸ਼ੁਰੂ ਕੀਤਾ ਗਿਆ ਇੱਕ ਹਾਰਟ ਅਟੈਕ ਪ੍ਰਬੰਧਨ ਪ੍ਰੋਗਰਾਮ ਸਟੇਮੀ ਇੱਕ ਵਰਦਾਨ ਸਾਬਤ ਹੋਵੇਗਾ। ਇਸ ਮਾਡਲ ਦੇ ਨਾਲ, ਦਿਲ ਦੇ ਦੌਰੇ ਵਾਲੇ ਮਰੀਜ਼ ਦੇ ਇਲਾਜ ਲਈ ਔਸਤ ਸਮਾਂ ਘਟਾਇਆ ਜਾਂਦਾ ਹੈ ਅਤੇ 90 ਮਿੰਟ ਦੇ ਗੋਲਡਨ ਆਵਰ ਦੇ ਨੇੜੇ ਲਿਆਂਦਾ ਜਾਂਦਾ ਹੈ, ਜਿਸ ਨਾਲ ਕੀਮਤੀ ਜਾਨਾਂ ਬਚ ਜਾਂਦੀਆਂ ਹਨ। ਪੰਜਾਬ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਵੱਡੀ ਗਿਣਤੀ ਹੈ ਅਤੇ ਸਿਹਤ ਵਿਭਾਗ ਨੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਦਿਲ ਦੇ ਦੌਰੇ ਦੇ ਲੱਛਣ ਦਿਖਾਉਣ ਵਾਲੇ ਮਰੀਜ਼ਾਂ ਨੂੰ ਪਹਿਲਾਂ 108 ਐਂਬੂਲੈਂਸ ਵਿੱਚ ਸਿਹਤ ਕੇਂਦਰ ਵਿੱਚ ਸ਼ਿਫਟ ਕੀਤਾ ਜਾਵੇਗਾ। ਇਹ ਪ੍ਰੋਜੈਕਟ ਛੇ ਹੱਬਾਂ, ਡੀਐਮਸੀ ਐਂਡ ਐਚ ਲੁਧਿਆਣਾ, ਜੀਐਮਸੀਐਚ 32 ਚੰਡੀਗੜ੍ਹ, ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ, ਫਰੀਦਕੋਟ, ਅੰਮ੍ਰਿਤਸਰ ਅਤੇ ਏਮਜ਼ ਬਠਿੰਡਾ ਵਿੱਚ 64 ਸਪੋਕਾਂ ਨਾਲ ਲਾਂਚ ਕੀਤਾ ਗਿਆ । ਸਬ ਡਵੀਜ਼ਨ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ, ਜੋ ਕਿ ਸਪੋਕ ਸੈਂਟਰ ਹੋਣਗੇ, ਸ਼ੁਰੂਆਤੀ ਜਾਂਚ ਉਪਕਰਣ ਜਿਵੇਂ ਕਿ ਈਸੀਜੀ ਮਸ਼ੀਨ ਦੀ ਸਿਖਲਾਈ ਪ੍ਰਾਪਤ ਡਾਕਟਰ ਅਤੇ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ਼ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਟਾਫ ਅਤੇ ਸਪੋਕ ਸੈਂਟਰ ਡਾਕਟਰੀ ਸਲਾਹ ਲਈ ਹੱਬ ਸੈਂਟਰਾਂ ਨਾਲ ਸਲਾਹ ਕਰਨਗੇ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।