ਲੁਧਿਆਣਾ (ਰਾਜਕੁਮਾਰ ਸਾਥੀ)। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ. ਪ੍ਰੀਤਇੰਦਰ ਸਿੰਘ ਬੈਂਸ, ਆਰ.ਓ. ਹਲਕਾ – 065 (ਲੁਧਿਆਣਾ ਉਤਰੀ) ਅਤੇ ਏ.ਆਰ.ਓ. ਸ਼ਿਵਾਨੀ ਗੁਪਤਾ ਦੀ ਅਗਵਾਈ ਹੇਠ ਕੈਂਪ ਆਫਿਸ (065-ਲੁਧਿਆਣਾ (ਉਤਰੀ), ਗਲਾਡਾ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਉਨ੍ਹਾਂ ਵੋਟਰਾਂ ਨੂੰ ਬਿਨਾਂ ਕਿਸੇ ਸਮੱਗਰੀ, ਪੈਸੇ ਜਾਂ ਤਾਕਤ ਦੇ ਪ੍ਰਭਾਵ ਤੋਂ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਮਾਸਟਰ ਟ੍ਰੇਨਰ ਦੀਪਕ ਸੈਣੀ ਵੱਲੋਂ ਵੋਟਰਾਂ ਨੂੰ ਵੀ.ਵੀ.ਪੈਟ ਅਤੇ ਈ.ਵੀ.ਐਮ. ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਵੋਟ ਪਾਉਣਾ ਲੋਕਤੰਤਰ ਦਾ ਮੂਲ ਆਧਾਰ ਹੈ। ਉਨ੍ਹਾ ਵੋਟ ਦੇ ਅਧਿਕਾਰ ‘ਤੇ ਮੁੱਖ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਦਰਜ਼ ਇੱਕ ਮੌਲਿਕ ਅਧਿਕਾਰ ਹੈ। ਇਸ ਮੌਕੇ ਆਰ.ਓ. ਪ੍ਰੀਤਇੰਦਰ ਸਿੰਘ ਬੈਂਸ ਵੱਲੋਂ ਬੀ.ਐਲ.ਓਜ਼ ਨੂੰ ਵੋਟਰ ਜਾਗਰੂਕਤਾ ਕੈਂਪ, ਨੁੱਕੜ ਨਾਟਕ, ਟਰੈਕਟਰ ਰੈਲੀਆਂ ਅਤੇ ਬੂਥ ਪੱਧਰ ਦੀਆਂ ਗਤੀਵਿਧੀਆਂ ਤੋਂ ਇਲਾਵਾ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ।