ਲੁਧਿਆਣਾ, 1 ਅਪ੍ਰੈਲ (ਕਵਿਤਾ)। ਇਸੇ ਸਾਲ 11 ਜਨਵਰੀ ਨੂੰ ਅਚਾਨਕ ਚੱਲੀ ਗੋਲੀ ਨਾਲ ਹੋਈ ਹਲਕਾ ਪੱਛਮੀ ਦੇ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਜਿਮਨੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਸ ਸੀਟ ਨੂੰ ਦੁਬਾਰਾ ਜਿੱਤਣ ਲਈ ਸੱਤਾ ਤੇ ਬੈਠੀ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨ ਦਿੱਤਾ ਸੀ। ਜੋ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਹਨਾਂ ਨੂੰ ਇਹ ਚੋਣ ਜਿਤਾਉਣ ਲਈ ਪਾਰਟੀ ਦੇ ਮੁਖੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹਲਕਾ ਪੱਛਮੀ ਵਿੱਚ ਮੀਟਿੰਗਾਂ ਕਰ ਰਹੇ ਹਨ। ਕਿਓੰਕਿ ਇਸ ਸੀਟ ਤੋਂ ਸੰਜੀਵ ਅਰੋੜਾ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਦਾ ਵੀ ਭਵਿੱਖ ਤੈਅ ਹੋਣਾ ਹੈ।

ਰਾਜਨੀਤਕ ਹਲਕਿਆਂ ਵਿੱਚ ਚਰਚਾ ਹੈ ਕਿ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਕੈਬਿਨਟ ਵਿੱਚ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੀ ਖਾਲੀ ਹੋਣ ਵਾਲੀ ਰਾਜਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਰਾਜਸਭਾ ਵਿੱਚ ਜਾ ਕੇ ਰਾਸ਼ਟਰ ਪੱਧਰ ਦੀ ਰਾਜਨੀਤੀ ਦੀ ਨਵੀਂ ਪਾਰੀ ਸ਼ੁਰੂ ਕਰ ਸਕਦੇ ਹਨ। ਇਸ ਕਾਰਣ ਇਹ ਸੀਟ ਆਮ ਆਦਮੀ ਪਾਰਟੀ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਦਬੰਗ ਆਗੂ ਦੇ ਤੌਰ ਤੇ ਜਾਣੇ ਜਾਂਦੇ ਅਤੇ ਹਲਕਾ ਪੱਛਮੀ ਤੋਂ ਦੋ ਵਾਰ ਵਿਧਾਇਕ ਤੇ ਕੈਬਿਨਟ ਮੰਤਰੀ ਰਹਿ ਚੁੱਕੇ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਪੂਰੀ ਸੰਭਾਵਨਾ ਹੈ।

ਆਸ਼ੂ ਦੇ ਕਾਰਣ ਹੀ ਹਲਕਾ ਪੱਛਮੀ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੂੰ ਵਿਜੀਲੈਂਸ ਅਤੇ ਕੇਂਦਰ ਸਰਕਾਰ ਵੱਲੋਂ ਈਡੀ ਰਾਹੀਂ ਜੇਲ ਵਿੱਚ ਬੰਦ ਰੱਖਣ ਕਾਰਣ ਹਲਕੇ ਦੇ ਲੋਕਾਂ ਵਿੱਚ ਆਪ ਪ੍ਰਤੀ ਰੋਸ਼ ਤੇ ਆਸ਼ੂ ਪ੍ਰਤੀ ਹਮਦਰਦੀ ਸਾਫ ਦੇਖੀ ਜਾ ਰਹੀ ਹੈ। ਕਿਓੰਕਿ ਸਰਕਾਰ ਨੇ ਆਸ਼ੂ ਨੂੰ ਜਿਸ ਐਫਆਈਆਰ ਕਾਰਣ ਜੇਲ ਵਿੱਚ ਬੰਦ ਕੀਤਾ ਸੀ, ਉਹ ਐਫਆਈਆਰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਇਸ ਕਾਰਣ ਲੋਕਾਂ ਵਿੱਚ ਇਹ ਸੁਨੇਹਾ ਗਿਆ ਹੈ ਕਿ ਆਪ ਸਰਕਾਰ ਨੇ ਰਾਜਨੀਤਕ ਬਦਲਾਖੋਰੀ ਨੀਤੀ ਕਾਰਣ ਹੀ ਆਸ਼ੂ ਤੇ ਝੂਠਾ ਕੇਸ ਦਰਜ ਕੀਤਾ ਸੀ। ਤੀਜੀ ਧਿਰ ਵਜੋਂ ਭਾਜਪਾ ਪੰਜਾਬ ਦੇ ਕਾਰਜਕਰਨੀ ਮੈਂਬਰ ਤੇ ਸੀਨੀਅਰ ਵਕੀਲ ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਨਾਮ ਸਾਹਮਣੇ ਆ ਰਿਹਾ ਹੈ। ਐਡਵੋਕੇਟ ਸਿੱਧੂ ਦੀ ਸਾਫ ਛਵੀ ਕਾਰਣ ਹੀ ਪਾਰਟੀ ਨੇ ਉਹਨਾਂ ਨੂੰ 2022 ਵਿੱਚ ਹਲਕਾ ਪੱਛਮੀ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ 34 ਹਜਾਰ ਤੋਂ ਵੱਧ ਵੋਟਾਂ ਹਾਸਲ ਕਰਨ ਵਿੱਚ ਸਫਲ ਹੋਏ ਸਨ।

ਇਸ ਕਾਰਣ ਮੰਨਿਆ ਜਾ ਰਿਹਾ ਹੈ ਕਿ ਜਿਸ ਤਰਾਂ ਭਾਜਪਾ ਦਾ ਵੋਟ ਪ੍ਰਤੀਸ਼ਤ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪਾਰਟੀ ਐਡਵੋਕੇਟ ਸਿੱਧੂ ਨੂੰ ਟਿਕਟ ਦੇ ਦਿੰਦੀ ਹੈ ਤਾਂ ਉਹ ਵੀ ਤਿੱਖਾ ਮੁਕਾਬਲਾ ਦੇ ਸਕਦੇ ਹਨ। ਅਕਾਲੀ ਦਲ ਵਿੱਚ ਪਈ ਫੁੱਟ ਕਾਰਣ ਉਹ ਇਸ ਸੀਟ ਤੇ ਮੁਕਾਬਲੇ ਤੋਂ ਬਾਹਰ ਹੀ ਨਜਰ ਆ ਰਹੀ ਹੈ। ਇਸ ਕਾਰਣ ਤਿੰਨੇ ਵੱਡੀਆਂ ਪਾਰਟੀਆਂ (ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ) ਦੀ ਨਜਰ ਇਸ ਸੀਟ ਤੇ ਲੱਗੀ ਹੋਈ ਹੈ। ਇਸਨੂੰ ਜਿੱਤਣ ਲਈ ਜਿੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਪੱਛਮੀ ਵਿੱਚ ਮੋਰਚਾ ਸਾਂਭਿਆ ਹੋਇਆ ਹੈ, ਓਥੇ ਹੀ ਭਾਜਪਾ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਦਾ ਪ੍ਰਭਾਰੀ ਬਣਾ ਕੇ ਇਸ ਹਲਕੇ ਨੂੰ ਜਿੱਤਣ ਦੀ ਕਮਾਨ ਸੌਂਪੀ ਹੋਈ ਹੈ। ਕਾਂਗਰਸ ਵੱਲੋਂ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਜਾਂ ਪਿ੍ਰਯੰਕਾ ਗਾਂਧੀ ਵੀ ਇਸ ਸੀਟ ਤੇ ਚੋਣ ਪ੍ਰਚਾਰ ਕਰਨ ਲਈ ਆ ਸਕਦੇ ਹਨ। ਕਿਓੰਕਿ ਇਸ ਸੀਟ ਤੇ ਦਿੱਲੀ ਵਿੱਚ ਬੈਠੀ ਪਾਰਟੀ ਹਾਈਕਮਾਨ ਵੀ ਨਜਰ ਰੱਖ ਰਹੀ ਹੈ। ਹਾਲਾਂਕਿ ਇਸ ਸੀਟ ਤੋਂ ਕੌਣ ਜਿੱਤੇਗਾ, ਇਸਦਾ ਫੈਸਲਾ ਹਲਕੇ ਦੀ ਜਨਤਾ ਨੇ ਹੀ ਕਰਨਾ ਹੈ।