ਸੈਨਿਕਾਂ ਲਈ ਦੀਵਾਲੀ ਦੇ ਤਿਉਹਾਰ ਮੌਕੇ ਯਾਤਰੀ ਰੇਲ ਗੱਡੀਆਂ ਚਲਾਉਣ ਦੀ ਅਪੀਲ
ਲੁਧਿਆਣਾ (ਰਾਜਕੁਮਾਰ ਸਾਥੀ)। ਆਤਮ ਰਕਸ਼ਾ ਸੰਘ ਦੇ ਕਨਵੀਨਰ ਕਰਨਲ ਐਚ.ਐਸ. ਕਾਹਲੋਂ (ਸੇਵਾ ਮੁਕਤ) ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੀਵਾਲੀ ਦੇ ਮੌਕੇ ਤੇ ਸੈਨਿਕਾਂ ਲਈ ਯਾਤਰੀ ਰੇਲ ਗੱਡੀਆਂ ਜਰੂਰੀ ਚਲਾਉਣ। ਤਾਂ ਜੋ ਦੂਰ-ਦਰਾਡੇ ਸੀਮਾ ਤੇ ਦੇਸ਼ ਦੀ ਰੱਖਿਆ ਲਈ ਤੈਨਾਤ ਲੱਖਾਂ ਜਵਾਨ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਕਰਨਲ ਕਾਹਲੋਂ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸਾਰੇ ਕਰਮਚਾਰੀ ਅਨੁਸ਼ਾਸਿਤ ਹੁੰਦੇ ਹਨ ਅਤੇ ਛੁੱਟੀ ਮਿਲਣ ‘ਤੇ ਹੀ ਆਪਣੇ ਪਰਿਵਾਰਾਂ ਨੂੰ ਮਿਲਣ ਜਾਂਦੇ ਹਨ। ਉਨਾਂ ਵਿਚੋਂ ਬਹੁਤ ਸਾਰੇ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਆਉਂਦੇ ਹਨ, ਪਰ ਜੇ ਯਾਤਰੀ ਰੇਲ ਗੱਡੀਆਂ ਨਹੀਂ ਚਲਾਈਆਂ ਜਾਂਦੀਆਂ ਤਾਂ ਉਨਾਂ ਨੂੰ ਸਮੇਂ ਸਿਰ ਆਪਣੇ ਘਰਾਂ ਤੱਕ ਪਹੁੰਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾਂ ਕਿਹਾ ਕਿ ਹਥਿਆਰਬੰਦ ਸੈਨਾ ਦੇ ਜਵਾਨ ਸਿਰਫ ਸੀਮਤ ਸਮੇਂ ਲਈ ਛੁੱਟੀ ਲੈਂਦੇ ਹਨ ਅਤੇ ਜੇ ਬੱਸਾਂ ਰਾਹੀਂ ਸਫ਼ਰ ਕਰਨ ਵਿਚ ਕੁਝ ਦਿਨ ਬਰਬਾਦ ਕੀਤੇ ਜਾਂਦੇ ਹਨ ਤਾਂ ਪੂਰਾ ਪਰਿਵਾਰ ਦੁੱਖ ਝੱਲਦਾ ਹੈ।
ਮਹਾਰਾਸ਼ਟਰ ਵਿੱਚ ਭਾਰਤੀ ਫੌਜ ਵਿੱਚ ਤੈਨਾਤ ਜਵਾਨ ਦੇ ਲੁਧਿਆਣਾ ਨਿਵਾਸੀ ਮਾਪਿਆਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਪਿਛਲੇ 9 ਮਹੀਨਿਆਂ ਤੋਂ ਬੇਟੇ ਦੀ ਉਡੀਕ ਕਰ ਰਿਹਾ ਹੈ। ਉਹ ਸਾਡੇ ਨਾਲ 15 ਦਿਨ ਰਹੇਗਾ, ਪਰ ਇਸ ਵਾਰ ਉਹ ਸਿਰਫ ਅੰਬਾਲਾ ਤਕ ਹੀ ਰੇਲ ਰਾਹੀਂ ਸਫ਼ਰ ਕਰ ਸਕੇਗਾ, ਜਿੱਥੋਂ ਉਹ ਬੱਸ ਰਾਹੀਂ ਲੁਧਿਆਣਾ ਪਹੁੰਚੇਗਾ। ਉਨਾਂ ਕਿਹਾ ਕਿ ਸਾਡਾ ਪਰਿਵਾਰ ਪਿਛਲੇ ਨੌਂ ਮਹੀਨਿਆਂ ਤੋਂ ਉਸ ਦਾ ਇੰਤਜ਼ਾਰ ਕਰ ਰਿਹਾ ਹੈ, ਇਕ ਦਿਨ ਵੀ ਬਰਬਾਦ ਕਰਨਾ ਸਾਡੇ ਸਾਰਿਆਂ ਲਈ ਸਹਿਣਯੋਗ ਨਹੀਂ ਹੈ। ਇਕ ਹੋਰ ਪਰਿਵਾਰਕ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਾਬਕਾ ਫੌਜੀ ਹਨ ਅਤੇ ਉਨਾਂ ਨੂੰ ਜਲਦ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।