ਸੇਵਾ ਕੇਂਦਰਾਂ ਵਿੱਚ ਟਰਾਂਸਪੋਰਟ ਨਾਲ ਸਬੰਧਤ ਸੇਵਾਵਾਂ ਵੀ ਹੋਈਆਂ ਸ਼ੁਰੂ
ਲੁਧਿਆਣਾ (ਰਾਜਕੁਮਾਰ ਸਾਥੀ) । ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਉਦੇਸ਼ ਨਾਲ ਟਰਾਂਸਪੋਰਟ ਵਿਭਾਗ ਦੀਆਂ 35 ਤਰ੍ਹਾਂ ਦੀਆਂ ਸੇਵਾਵਾਂ ਇੱਕੋ ਛੱਤ ਹੇਠ ਸੇਵਾ ਕੇਂਦਰਾਂ ਵਿੱਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਲ੍ਹੇ ਦੇ 38 ਸੇਵਾ ਕੇਂਦਰਾਂ ਅੰਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09 ਤੋਂ ਸ਼ਾਮ 05 ਵਜੇ ਤੱਕ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਮਿਲੇਗਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀਆਂ 35 ਤਰ੍ਹਾਂ ਦੀਆਂ ਸੇਵਾਵਾਂ, ਜਿਸ ਵਿੱਚ ਡੂਪਲੀਕੇਟ ਡਰਾਇਵਿੰਗ ਲਾਇਸੰਸ, ਰੀਨਿਊ ਲਾਇਸੰਸ, ਐਡਰੈੱਸ ਚੇਂਜ, ਰੀਪਲੇਸਮੈਂਟ ਲਾਇਸੰਸ, ਐਨ.ਓ.ਸੀ., ਨਾਮ ਬਦਲੀ ਡਰਾਈਵਿੰਗ ਲਾਇਸੰਸ, ਮੋਬਾਈਲ ਅਪਡੇਟ, ਕੰਡੇਕਟਰ ਲਾਇਸੰਸ ਰੀਨਿਊ, ਆਨਲਾਈਨ ਟੈਕਸ ਰਜਿਸਟਰਡ ਟਰਾਂਸਪੋਰਟ ਅਤੇ ਨਵੀਂ ਟਰਾਂਸਪੋਰਟ(ਸੂਬੇ ਦੇ ਅੰਦਰ), ਵਾਹਨ ਦੀ ਮਲਕੀਤੀ ਤਬਦੀਲ ਕਰਾਉਣੀ(ਸੂਬੇ ਦੇ ਅੰਦਰ), ਆਰ.ਸੀ.’ਤੇ ਲੋਨ ਚੜ੍ਹਾਉਣਾ ਜਾਂ ਕਟਵਾਉਣਾ, ਆਰ.ਸੀ.ਦੀ ਆਨਲਾਈਨ ਬੈਕਲਾਗ ਐਂਟਰੀ, ਡੂਪਲੀਕੇਟ ਆਰ.ਸੀ., ਐਡਰੈੱਸ ਚੇਂਜ, ਐਨ.ਓ.ਸੀ. ਬਾਹਰਲੇ ਸੂਬੇ ਲਈ, ਚੈੱਕ ਈ-ਪੈਮੈਂਟ ਸਟੇਟਸ ਆਦਿ 35 ਤਰ੍ਹਾਂ ਦੀਆਂ ਸੇਵਾਵਾਂ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਅੱਗੇ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਦਾ ਮੰਤਵ ਲੋਕਾਂ ਨੂੰ ਖਜਲ-ਖੁਆਰੀ ਤੋਂ ਬਚਾਉਣਾ ਹੈ ਇਸੇ ਤਹਿਤ ਇਕੋ ਛੱਤ ਹੇਠ ਅਨੇਕਾਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਸੇਵਾ ਕੇਂਦਰਾਂ ਅਧੀਨ ਕੰਮ ਕਰ ਰਹੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰੋਟੋਕੋਲਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣ ਸਮੇਂ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਣਾ, ਹੱਥਾਂ ਦੀ ਸਫਾਈ ਅਤੇ ਆਪਸੀ ਵਿੱਥ ਜ਼ਰੂਰ ਕਾਇਮ ਕੀਤੀ ਜਾਵੇ।