ਲੁਧਿਆਣਾ, 28 ਅਕਤੂਬਰ (ਰਾਜਕੁਮਾਰ ਸਾਥੀ)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਹਰੇਕ ਸਬ-ਡਵੀਜ਼ਨ ਵਿੱਚ ਲਗਾਏ ਗਏ ਪਹਿਲੇ ਦਿਨ ਦੇ ਸੁਵਿਧਾ ਕੈਂਪਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕੁੱਲ 5530 ਲੋਕਾਂ ਵੱਲੋਂ ਅਪਲਾਈ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ 19 ਤੋਂ ਵੱਧ ਲੋਕ ਭਲਾਈ ਯੋਜਨਾਵਾਂ ਅਤੇ ਨੀਤੀਆਂ ਦਾ ਲਾਭ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਬਰੂਹਾਂ ‘ਤੇ ਮਿਲਣਾ ਯਕੀਨੀ ਬਣਾਉਣ ਲਈ ਇਹ ਕੈਂਪ ਲਗਾਏ ਗਏ ਹਨ, ਜੋ ਕਿ ਸ਼ੁੱਕਰਵਾਰ ਨੂੰ ਵੀ ਜਾਰੀ ਰਹਿਣਗੇ। ਹਰੇਕ ਸਬ-ਡਵੀਜ਼ਨ ਵਿੱਚ ਦਰਖਾਸਤਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਇਲ ਵਿੱਚ ਲਗਾਏ ਕੈਂਪ ਦੌਰਾਨ 1743 ਅਰਜ਼ੀਆਂ, ਸਮਰਾਲਾ ਵਿੱਚ 1316 ਅਰਜ਼ੀਆਂ, ਜਗਰਾਉਂ ਵਿੱਚ 879 ਅਰਜ਼ੀਆਂ, ਲੁਧਿਆਣਾ ਪੱਛਮੀ ਵਿੱਚ 759 ਅਰਜ਼ੀਆਂ, ਰਾਏਕੋਟ ਵਿੱਚ 460 ਅਰਜ਼ੀਆਂ, ਲੁਧਿਆਣਾ ਪੂਰਬੀ ਵਿੱਚ 340 ਅਤੇ ਖੰਨਾ ਸਬ-ਡਵੀਜ਼ਨਾਂ ਵਿੱਚ 86 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਿਨੈਕਾਰਾਂ ਨੂੰ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਸ਼ੁੱਕਰਵਾਰ ਨੂੰ ਵੀ ਇਨ੍ਹਾਂ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਸ਼੍ਰੀ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਸਰਗਰਮ ਸ਼ਮੂਲੀਅਤ ਹੀ ਇਸ ਪਹਿਲਕਦਮੀ ਨੂੰ ਸਫ਼ਲ ਬਣਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਕੈਂਪ ਹਰੇਕ ਲਾਭਪਾਤਰੀ ਨੂੰ ਜ਼ਮੀਨੀ ਪੱਧਰ ‘ਤੇ ਬੇਜ਼ਮੀਨੇ ਨਾਗਰਿਕਾਂ ਲਈ ਪੰਜ ਮਰਲਾ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ ਆਦਿ), ਮਕਾਨ ਦੀ ਮੁਰੰਮਤ ਲਈ ਐਸ.ਸੀ/ਬੀ.ਸੀ. ਕਾਰਪੋਰੇਸ਼ਨਾਂ/ਬੈਂਕ ਫਿੰਕੋ ਤੋਂ ਕਰਜ਼ੇ, ਬੱਸ ਪਾਸ, ਬਕਾਇਆ ਇੰਤਕਾਲ ਕੇਸ, ਮਗਨਰੇਗਾ ਜੌਬ ਕਾਰਡ, ਦੋ ਕਿਲੋਵਾਟ ਤੱਕ ਬਿਜਲੀ ਬਿਲਾਂ ਦੇ ਬਕਾਏ ਦੀ ਮੁਆਫੀ ਦਾ ਸਰਟੀਫਿਕੇਟ, ਬਕਾਇਆ ਸੀ.ਐਲ.ਯੂ ਕੇਸ/ਨਕਸ਼ੇ ਆਦਿ ਸਕੀਮਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣਗੇ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਇਹ ਲੋਕਾਂ ਲਈ ਇੱਕ ਹੀ ਛੱਤ ਹੇਠ ਕਈ ਸਕੀਮਾਂ ਦਾ ਲਾਭ ਲੈਣ ਦਾ ਮੌਕਾ ਹੈ, ਜਿਸ ਦੇ ਲਈ ਵੱਖ-ਵੱਖ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ । ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਲੋੜਵੰਦ ਵਰਗ ਲਈ ਉਨ੍ਹਾਂ ਦੇ ਘਰ ਦੀਆਂ ਬਰੂਹਾਂ ‘ਤੇ ਵੱਖ-ਵੱਖ ਯੋਜਨਾਵਾਂ ਦਾ ਲਾਭ ਪਹੁੰਚਾਉਣ ਸਦਕਾ ਵਰਦਾਨ ਸਾਬਤ ਹੋਣਗੇ।