ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਐਪਲ ਆਈਪੈਡ, ਲੈਪਟੌਪ ਤੇ ਐਂਡਰੌਇਡ ਟੈਬਲੇਟ
‘ਅੰਬੈਸਡਰ ਆਫ ਹੋਪ’ ਮੁਕਾਬਲੇ ਦੇ ਜੇਤੂਆਂ ਨੂੰ ਅੱਜ ਪੀ.ਏ.ਯੂ. ਦੇ ਸਟਨ ਹਾਊਸ ਵਿਖੇ ਸਮਾਰੋਹ ਦੌਰਾਨ ਵੰਡੇ ਗਏ ਇਨਾਮ
ਲੁਧਿਆਣਾ (ਰਾਜਕੁਮਾਰ ਸਾਥੀ)। ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵੱਲੋਂ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਆਯੋਜਿਤ ਕੀਤੇ ਗਏ ਇੱਕ ਸੰਖੇਪ ਸਮਾਰੋਹ ਦੌਰਾਨ ਲੁਧਿਆਣਾ, ਮੋਗਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਤ ‘ਅੰਬੈਸਡਰ ਆਫ ਹੋਪ’ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਕੈਬਨਿਟ ਮੰਤਰੀ ਵੱਲੋਂ ਰਿਕਾਰਡ ਤੋੜ ਆਨਲਾਈਨ ਮੁਕਾਬਲੇ ‘ਅੰਬੈਸਡਰ ਆਫ ਹੋਪ’ ਦੇ ਜੇਤੂਆਂ ਨੂੰ ਇਨਾਮ ਦੇਣ ਲਈ ਲੁਧਿਆਣਾ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ, ਜਿਸ ਵਿਚ ਲਾਕਡਾਊਨ ਦੌਰਾਨ 1 ਲੱਖ 5 ਹਜ਼ਾਰ ਐਂਟਰੀਆਂ ਪ੍ਰਾਪਤ ਹੋਈਆਂ। ਜੇਤੂਆਂ ਨੂੰ ਵਧਾਈ ਦੇਣ ਤੋਂ ਇਲਾਵਾ ਸ੍ਰੀ ਸਿੰਗਲਾ ਨੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਟੀਚਿਆਂ ਦੀ ਪ੍ਰਾਪਤੀ ਵਿਚ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਜ਼ਿਲ੍ਹਾ ਲੁਧਿਆਣਾ ਦੇ ਜੇਤੂ ਵਿਦਿਆਰਥੀ ਬੀ.ਸੀ.ਐਮ. ਆਰੀਆ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਤੋਂ 9ਵੀਂ ਜਮਾਤ ਦੇ ਈਸ਼ਟ ਮੋਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਛਪਾਰ ਤੋਂ 12ਵੀਂ ਜਮਾਤ ਦੇ ਜਸ਼ਨਪ੍ਰੀਤ ਸਿੰਘ ਅਤੇ ਗੁਰੂ ਨਾਨਕ ਪਬਲਿਕ ਸਕੂਲ ਬੀਰਮੀ ਤੋਂ 8ਵੀਂ ਜਮਾਤ ਦੇ ਮਹਿਤਾਬ ਸਿੰਘ ਸੇਖੋਂ ਹਨ।
ਮੋਗਾ ਜ਼ਿਲੇ ਦੀਆਂ ਜੇਤੂਆਂ ਵਿੱਚ ਸੈਕਰਡ ਹਾਰਟ ਸਕੂਲ ਦੀ 10ਵੀਂ ਜਮਾਤ ਦੀ ਆਦੇਸ਼ਪ੍ਰੀਤ ਕੌਰ, ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ਦੀ ਚੌਥੀ ਜਮਾਤ ਦੀ ਈਵਾ ਸੂਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ 7ਵੀਂ ਜਮਾਤ ਦੀ ਜਸਪ੍ਰੀਤ ਕੌਰ ਸ਼ਾਮਲ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਜੇਤੂਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ 10ਵੀਂ ਜਮਾਤ ਦੀ ਮਹਿਕਦੀਪ ਕੌਰ ਅਤੇ ਸੰਦੀਪ ਸਿੰਘ (ਸੰਯੁਕਤ ਪਹਿਲੇ ਵਿਜੇਤਾ), ਐਸ.ਐਸ.ਐਮ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ 10ਵੀਂ ਜਮਾਤ ਦੀ ਪ੍ਰਮੀਤ ਕੌਰ ਅਤੇ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ 8ਵੀਂ ਜਮਾਤ ਦੀ ਇਸ਼ਮੀਤ ਕੌਰ ਸ਼ਾਮਲ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਜੇਤੂਆਂ ਵਿੱਚ ਦਿੱਲੀ ਪਬਲਿਕ ਵਰਲਡ ਸਕੂਲ ਜਲਾਲਾਬਾਦ ਦੀ 9ਵੀਂ ਜਮਾਤ ਦੀ ਅਰਮਾਨ ਗੁੰਬਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਅਬੋਹਰ ਦੀ 12ਵੀਂ ਜਮਾਤ ਦੀ ਸ਼ੀਨਮ ਅਤੇ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇੜਾ ਖੇੜਾ ਦੀ 10ਵੀਂ ਜਮਾਤ ਦੀ ਭੂਮਿਕਾ ਕੰਬੋਜ ਸ਼ਾਮਲ ਹੈ।
ਜੇਤੂਆਂ ਵੱਲੋਂ ਵਿਜੇ ਇੰਦਰ ਸਿੰਗਲਾ ਨੂੰ ਲੌਕਡਾਊਨ ਦੌਰਾਨ ਅਜਿਹਾ ਦਿਲਚਸਪ ਅਤੇ ਸ਼ਾਨਦਾਰ ਮੁਕਾਬਲਾ ਕਰਵਾਉਣ ਲਈ ਦਿਲੋਂ ਧੰਨਵਾਦ ਕੀਤਾ। ਇਨਾਮਾਂ ਦੀ ਵੰਡ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਵਿਜੇ ਇੰਦਰ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ 8 ਦਿਨਾਂ ‘ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ‘ਚ ਪ੍ਰਾਪਤ ਹੋਈਆਂ ਵੀਡਿਓਜ਼ ‘ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ ਪਰ ਇਹ ਕੰਮ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੁੱਲ 66 ਮੁੱਖ ਇਨਾਮਾਂ ਤੋਂ ਇਲਾਵਾ ‘ਅੰਬੈਸਡਰਜ਼ ਆਫ਼ ਹੋਪ’ ਤਹਿਤ ਸਾਰੇ 22 ਜ਼ਿਲ੍ਹਿਆਂ ਵਿੱਚ ਜੇਤੂਆਂ ਨੂੰ 1000 ਦੇ ਕਰੀਬ ਦਿਲਾਸਾ ਇਨਾਮ ਵੀ ਦਿੱਤੇ ਜਾ ਰਹੇ ਹਨ।