ਮੁਹਿੰਮ ਤਹਿਤ ਲੋਕਾਂ ਨੂੰ ਟੀਕਾਕਰਨ ਦੀ ਪਹਿਲੀ ਤੇ ਦੂਜੀ ਖੁਰਾਕ ਲਗਵਾਉਣ ਲਈ ਕੀਤਾ ਜਾ ਰਿਹਾ ਪ੍ਰੇਰਿਤ
ਲੁਧਿਆਣਾ, 15 ਨਵੰਬਰ (ਰਾਜਕੁਮਾਰ ਸਾਥੀ)। ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸਾਂ ਤਹਿਤ ਜਿਲੇ ਭਰ ਵਿਚ ਘਰ-ਘਰ ਦਸਤਕ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਇਹ ਮੁਹਿੰਮ 30 ਨਵੰਬਰ, 2021 ਤੱਕ ਚਲਾਈ ਜਾਵੇਗੀ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਮੁਹਿੰਮ ਤਹਿਤ ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵਲੋ ਪਿੰਡਾਂ ਅਤੇ ਸ਼ਹਿਰਾਂ ਵਿਚ ਘਰ-ਘਰ ਜਾ ਕੇ, ਜਿੰਨਾਂ ਵਿਅਕਤੀਆਂ ਨੇ ਅਜੇ ਤੱਕ ਕੋਵਿਡ ਦੀ ਪਹਿਲੀ ਅਤੇ ਦੂਸਰੀ ਖੁਰਾਕ ਨਹੀ ਲਗਾਈ ਉਨ੍ਹਾਂ ਵਿਅਕਤੀਆਂ ਨੂੰ ਪਹਿਲੀ ਅਤੇ ਦੂਸਰੀ ਖੁਰਾਕ ਲਗਾਉਣ ਸਬੰਧੀ ਪ੍ਰੇੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਸਿੰਘ ਨੇ ਖਾਸ ਤੌਰ ਤੇ ਉਨ੍ਹਾਂ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜਿੰਨਾ ਵਿਅਕਤੀਆਂ ਨੇ ਆਪਣੀ ਪਹਿਲਾ ਖੁਰਾਕ ਲਗਵਾਉਣ ਤੋ ਬਾਅਦ ਦੂਸਰੀ ਖੁਰਾਕ ਨਹੀ ਲਗਵਾਈ, ਉਹ ਆਪਣੀ ਦੂਸਰੀ ਖੁਰਾਕ ਵੀ ਜਰੂਰ ਲਗਵਾਉਣ ਤਾਂ ਜੋ ਦੋਨੋ ਖੁਰਾਕਾਂ ਲੱਗਵਾਉਣ ਨਾਲ ਕੋਵਿਡ ਟੀਕਾਕਰਨ ਨੂੰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤੋ ਇਲਾਵਾ ਸਿਹਤ ਕਰਮਚਾਰੀਆਂ ਵਲੋ ਲਾਭਪਾਤਰੀਆਂ ਨੂੰ ਫੋਨ ਵੀ ਕੀਤੇ ਜਾ ਰਹੇ ਹਨ ਤਾਂ ਜੋ ਕੋਵਿਡ ਦੀਆਂ ਦੋਨੋ ਖੁਰਾਕਾਂ ਤੋ ਕੋਈ ਵੀ ਵਿਅਕਤੀ ਵਾਂਝਾ ਨਾ ਰਹਿ ਜਾਵੇ।