ਕੋਵਿਡ ਦੀ ਪਹਿਲੀ ਖੁਰਾਕ ਲੈਣ ਵਾਲੇ, ਦੂਸਰੀ ਖੁਰਾਕ ਜਰੂਰ ਲੈਣ – ਸਿਵਲ ਸਰਜਨ ਡਾ. ਐਸ.ਪੀ. ਸਿੰਘ
ਲੁਧਿਆਣਾ (ਰਾਜਕੁਮਾਰ ਸਾਥੀ)। ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋ ਕੋਰੋਨਾ ਦੀ ਜਾਗਰੂਕਤਾ ਸਬੰਧੀ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋ ਕੈਂਪ ਲਗਾਏ ਜਾ ਰਹੇ ਹਨ। ਡਾ. ਸਿੰਘ ਨੇ ਦੱਸਿਆ ਕਿ ਓਮੀਕ੍ਰੋਨ ਸੰਬਧੀ ਵੀ ਆਮ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿੰਨਾਂ ਵਿਅਕਤੀਆਂ ਨੇ ਅਜੇ ਤੱਕ ਆਪਣੀ ਕੋਵਿਡ ਦੀ ਪਹਿਲੀ ਅਤੇ ਦੂਸਰੀ ਖੁਰਾਕ ਨਹੀ ਲਗਾਈ, ਉਹ ਵਿਅਕਤੀ ਆਪਣੀ ਪਹਿਲੀ ਅਤੇ ਦੂਸਰੀ ਖੁਰਾਕ ਜਰੂਰ ਲਗਵਾਉਣ। ਕੋਰੋਨਾ ਦੀਆਂ ਦੋਨੋ ਖੁਰਾਕਾਂ ਲੱਗਣ ਤੋ ਬਾਅਦ ਹੀ ਮੁਕੰਮਲ ਟੀਕਾਕਰਨ ਮੰਨਿਆ ਜਾਂਦਾ ਹੈ। ਡਾ. ਸਿੰਘ ਨੇ ਖਾਸ ਤੌਰ ਤੇ ਉਨ੍ਹਾਂ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜਿੰਨ੍ਹਾ ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਲਗਵਾਉਣ ਤੋ ਬਾਅਦ ਦੂਸਰੀ ਖੁਰਾਕ ਨਹੀ ਲਗਵਾਈ। ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਦੋਨੋ ਖੁਰਾਕਾਂ ਤੋ ਕੋਈ ਵਿਅਕਤੀ ਵਾਂਝਾ ਨਾ ਰਹੇ। ਡਾ. ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਬੁਖਾਰ, ਜੁਕਾਮ ਹੁੰਦਾ ਹੈ ਤਾਂ ਉਹ ਵਿਅਕਤੀ ਆਪਣਾ ਕੋਰੋਨਾ ਦਾ ਟੈਸਟ ਜਰੂਰ ਕਰਵਾਏ ਤਾਂ ਜੋ ਕੋਰੋਨਾ ਦਾ ਸਮੇ ਸਿਰ ਇਲਾਜ ਹੋ ਸਕੇ ਅਤੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਸਮੇਂ ਸਿਰ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਕੋਰੋਨਾ ਦੇ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਹੱਥਾਂ ਨੂੰ ਵਾਰ ਵਾਰ ਸਾਫ ਕੀਤਾ ਜਾਵੇ, ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਸਮੇਂ ਮਾਸਕ ਦੀ ਵਰਤੋ ਕੀਤੀ ਜਾਵੇ।