ਲੁਧਿਆਣਾ (ਰਾਜਕੁਮਾਰ ਸਾਥੀ) । ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਸਿਵਲ ਸਰਜਨ ਲੁਧਿਆਣਾ ਵਿਖੇ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਜਨਤਾ ਨੂੰ ਵੀ ਸਿਹਤ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਸਿਹਤ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਵਸਨੀਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਇਸ ਔਖੀ ਘੜੀ ਵਿੱਚ ਸਿਹਤ ਵਿਭਾਗ(ਪੰਜਾਬ ਸਰਕਾਰ) ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਸਹਿਯੋਗ ਕੀਤਾ। ਮੀਟਿੰਗ ਦੌਰਾਨ ਪ੍ਰੋਗਰਾਮ ਅਫ਼ਸਰਾਂ ਅਤੇ ਐਸ.ਐਮ.ਓਜ ਦੇ ਨਾਲ ਸਿਵਲ ਸਰਜਨ ਲੁਧਿਆਣਾ ਡਾ.ਕਿਰਨ ਆਹਲੂਵਾਲੀਆ ਗਿੱਲ ਨੇ ਜ਼ਿਲ੍ਹੇ ਅੰਦਰ ਕੋਵਿਡ ਮਹਾਂਮਾਰੀ ਦੇ ਬਚਾਅ ਸਬੰਧੀ ਜਾਰੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਭਵਿੱਖ ਲਈ ਉਲੀਕੀਆਂ ਗਈਆਂ ਯੋਜਨਾਵਾਂ ‘ਤੇ ਵੀ ਚਾਨਣਾ ਪਾਇਆ। ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਾਹਰ ਨਿਕਲਣ ਲਈ ਸਮੂਹ ਵਿਭਾਗਾਂ ਦੇ ਨਾਲ-ਨਾਲ ਆਮ ਜਨਤਾ ਦੇ ਸਹਿਯੋਗ ਦੀ ਵੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਵੱਧ ਤੋਂ ਵੱਧ ਸੈਪਲਿੰਗ ਅਤੇ ਵੈਕਸੀਨੇਸ਼ਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸੰਭਾਵਿਤ ਤੀਜ਼ੀ ਲਹਿਰ ਨੂੰ ਰੋਕਿਆ ਜਾ ਸਕੇ। ਪ੍ਰਮੁੱਖ ਸਕੱਤਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਇਸ ਮਹਾਂਮਾਰੀ ਤੋਂ ਬਚਾਅ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾਏ ਅਤੇ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਝੂੱਠੀਆਂ ਅਫਵਾਹਾਂ ਤੋਂ ਗੁਰੇਜ਼ ਕਰਦਿਆਂ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।