ਲੁਧਿਆਣਾ, 26 ਜੂਨ (000) – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਦੇਸ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਅਧੀਨ ਸਮੂਹ ਸਿਹਤ ਸੰਸਥਾਵਾਂ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਨਸ਼ੇ ਤੋਂ ਬਚਾਉ ਲਈ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਲੋਕਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਤੋਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਜ਼ਿਲੇ ਦਾ ਮੁੱਖ ਸੈਮੀਨਾਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਮਨਾਇਆ ਗਿਆ, ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੇ ਬਚਾਅ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਸਿਹਤ ਵਿਭਾਗ ਵਲੋਂ ਨਸ਼ੇ ਛੱਡਣ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ, ਐਸ.ਐਮ.ਓ. ਮੈਡਮ ਡਾ. ਅਮਰਜੀਤ ਕੌਰ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਨਸ਼ਾ ਛੱਡਣਾ ਆਸਾਨ ਹੈ, ਜੇਕਰ ਅਸੀਂ ਆਪਣੇ ਮਨ ਤੇ ਕਾਬੂ ਰੱਖ ਕੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਦਵਾਈ ਦਾ ਇਸਤੇਮਾਲ ਕਰਦੇ ਰਹੀਏ। ਇਸ ਮੌਕੇ ਸਿਵਲ ਸਰਜਨ ਡਾ. ਆਹਲੂਵਾਲੀਆ ਨੇ ਲੋਕਾਂ ਨੂੰ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਸਲਾਹ ਤੇ ਇਲਾਜ ਲੈਣ ਲਈ ਅਪੀਲ ਕੀਤੀ। ਇਸ ਮੌਕੇ ਲੋਕਾਂ ਨੂੰ ਨਸ਼ਾ ਨਾ ਕਰਨ ਸਬੰਧੀ ਸੁੰਹ ਵੀ ਚੁਕਾਈ ਗਈ ਅਤੇ ਵੱਖ-ਵੱਖ ਸੰਗਠਨਾਂ ਵਲੋਂ ਨਸ਼ਾ ਛੱਡਣ ਸਬੰਧੀ ਸਿੱਖਿਆ ਦਿੰਦੇ ਸਲੋਗਨਾਂ ਵਾਲੇ ਬੈਨਰਾਂ ਨਾਲ ਸਮੂਲੀਅਤ ਕੀਤੀ। ਆਖੀਰ ਵਿਚ ਨਸ਼ਾ ਛੱਡ ਚੁੱਕੇ ਲੋਕਾਂ ਨੂੰ ਬੂਟੇ ਵੰਡਦੇ ਉਨਾਂ ਦੀ ਹੌਸਲਾ ਅਫਜਾਈ ਕੀਤੀ ਗਈ।