ਸ.ਸ.ਸ. ਸਕੂਲ ਬਲਾਕ ਖੰਨਾ ਦੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ, ਸਕੂਲੀ ਬੱਚਿਆਂ ਵਲੋਂ ਸਵੱਛਤਾ ਦੀ ਸਹੁੰ ਵੀ ਚੁੱਕੀ ਗਈ
ਲੁਧਿਆਣਾ (ਦੀਪਕ ਸਾਥੀ)। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਇੰਜੀ: ਜਸਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਕਾਰਜਕਾਰੀ ਇੰਜੀ: ਆਦਰਸ਼ ਨਿਰਮਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਕ ਖੰਨਾ ਵਿੱਖੇ ਅੱਜ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸੋਸ਼ਲ ਸਟਾਫ਼ ਵੱਲੋਂ ਇੱਕ ਜਾਗਰੂਕਤਾ ਅਭਿਆਨ ਚਲਾਇਆ ਗਿਆ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ। ਇੰਜੀ: ਆਦਰਸ਼ ਨਿਰਮਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਵਿੱਚ ਰੱਖੇ ਹਰੇ ਅਤੇ ਨੀਲੇ ਡਸਟਬਿਨ ਦੇ ਸਹੀ ਪ੍ਰਯੋਗ ਬਾਰੇ ਅਤੇ ਖਾਣ ਤੋਂ ਪਹਿਲਾਂ ਹੱਥ ਧੋਣੇ ਕਿਉਂ ਜਰੂਰੀ ਹਨ, ਇਸ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਗੰਦਗੀ ਨਾਲ ਫੈਲਣ ਵਾਲੀ ਬਿਮਾਰੀਆਂ ਬਾਰੇ ਵੀ ਸੁਚੇਤ ਕੀਤਾ ਗਿਆ ਅਤੇ ਇਹ ਵੀ ਦੱਸਿਆ ਕਿ ਆਪਣੇ ਸਕੂਲ ਨੂੰ ਸਾਫ ਰੱਖਣਾ ਬੇਹੱਦ ਲਾਭਕਾਰੀ ਹੈ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਸਵੱਛਤਾ ਦੀ ਸਹੁੰ ਚੁੱਕੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਦੇ ਵਸਨੀਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸਦੇ ਤਹਿਤ ਪਿੰਡਾਂ ਵਿੱਚ ਸੁੱਧ ਪੀਣ ਵਾਲੇ ਪਾਣੀ ਅਤੇ ਸਵੱਛਤਾ ਸਬੰਧੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਜਲ ਸਪਲਾਈ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਟੀਚਾ ਹੈ ਕਿ ਹਰੇਕ ਪਿੰਡ ਵਾਸੀ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲ ਸਪਲਾਈ ਵਿਭਾਗ, ਪੀਣ ਵਾਲੇ ਪਾਣੀ ਦੀ ਗੁਣਵੱਤਾ ਲਈ ਬੇਹੱਦ ਸੰਵੇਦਨਸ਼ੀਲ ਹੈ ਅਤੇ ਲੋਕਾਂ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸਕੂਲ ਅਧਿਆਪਕ ਧੀਰਜ ਕੁਮਾਰ ਵੀ ਮੌਜੂਦ ਰਹੇ ਅਤੇ ਜਲ ਸਪਲਾਈ/ਸੈਨੀਟੇਸ਼ਨ ਵਿਭਾਗ ਦੇ ਸਟਾਫ਼ ਬਲਾਕ ਰਿਸੋਰਸ ਕੋਰਡੀਨੇਟਰ (ਬੀ.ਆਰ.ਸੀ) ਬਲਜੀਤ ਸਿੰਘ ਅਤੇ ਇਨਫੋਰਮੇਸ਼ਨ ਐਜੁਕੇਸ਼ਨ ਕਮਿਊਨੀਕੇਸ਼ਨ(ਆਈ.ਈ.ਸੀ.) ਅਭਿਸ਼ੇਕ ਹੈਮਿਲਟਨ ਨਾਲ ਸਹਿਯੋਗ ਕਰਕੇ ਇਸ ਸਵੱਛਤਾ ਮੁੰਹਿਮ ਨੂੰ ਸਫਲ ਬਣਾਇਆ।