ਲੁਧਿਆਣਾ, (ਰਾਜਕੁਮਾਰ ਸਾਥੀ) – ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਦੇ ਬਨਸਪਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਵਿਭਾਗ ਨੂੰ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵਲੋਂ 58,50,000/- ਰੁਪਏ ਦੀ ਖੋਜ ਗ੍ਰਾਂਟ ਦਿੱਤੀ ਗਈ ਹੈ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਦੱਸਿਆ ਕਿ ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਉੱਤਰੀ ਭਾਰਤ ਦਾ ਇਕਲੌਤਾ ਸਰਕਾਰੀ ਕਾਲਜ ਹੈ ਜੋ ਕਿਊਰੀ (CURIE) ਪ੍ਰੋਗਰਾਮ ਤਹਿਤ ਵਿੱਤੀ ਸਹਾਇਤਾ ਲਈ ਚੁਣਿਆ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਪ੍ਰੋਜੈਕਟ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਦੇ ਪੱਧਰਾਂ ਦੀ ਜਾਂਚ ‘ਤੇ ਧਿਆਨ ਕੇਂਦਰਿਤ ਕਰੇਗਾ ਅਤੇ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘੱਟ ਕਰਨ ਲਈ ਟਿਕਾਊ ਹੱਲ ਪ੍ਰਸਤਾਵਿਤ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਗ੍ਰਾਂਟ ਵਿਭਾਗ ਵਿੱਚ ਪੋਸਟ ਗ੍ਰੈਜੂਏਟ ਟੀਚਿੰਗ ਅਤੇ ਖੋਜ ਨੂੰ ਵੀ ਮਜ਼ਬੂਤ ਕਰੇਗੀ, ਜਿੱਥੇ ਕਿ ਸਫਲਤਾਪੂਰਵਕ ਐਮ.ਐਸ.ਸੀ। (ਬਾਟਨੀ) ਦਾ ਕੋਰਸ ਚੱਲ ਰਿਹਾ ਹੈ। ਕਾਲਜ ਵਿੱਚ ਕਿਊਰੀ (CURIE) ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਿਭਾਗ ਦੇ ਡਾ. ਤਰੁਨਪ੍ਰੀਤ ਸਿੰਘ ਥਿੰਦ ਅਤੇ ਮਿਸ ਰਮਨਜੀਤ ਭੱਟੀ ਕ੍ਰਮਵਾਰ ਨੋਡਲ ਅਤੇ ਕੋ-ਨੋਡਲ ਅਫ਼ਸਰ ਹੋਣਗੇ।