ਲੁਧਿਆਣਾ (ਰਾਜਕੁਮਾਰ ਸਾਥੀ)। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਭਾਸ਼ਾ ਵਿਭਾਗ ਵਲੋਂ ਇੱਕ ਸਮਾਗਮ ਉਲੀਕਿਆ ਗਿਆ ਹੈ ਜਿਸ ਵਿੱਚ ਸਮਕਾਲੀ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਮੁੱਖ ਸਥਾਨ ਰੱਖਣ ਵਾਲੇ, ਇਸ ਵਰ੍ਹੇ ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਅਤੇ ਪੰਜਾਬੀ ਦੇ ਹਰਮਨ ਪਿਆਰੇ ਕਹਾਣੀਕਾਰ ਸ਼੍ਰੀ ਸੁਖਜੀਤ 12 ਜੁਲਾਈ ਨੂੰ ਸਰੋਤਿਆਂ ਦੇ ਰੂ-ਬਰੂ ਹੋਣਗੇ। ਡਾ. ਸ਼ਰਮਾ ਨੇ ਅੱਗੇ ਦੱਸਿਆ ਕਿ ਸ਼੍ਰੀ ਸੁਖਜੀਤ ਨਾਲ ਰੂ-ਬਰੂ ਦਾ ਇਹ ਸਾਹਿਤਕ ਸਮਾਗਮ ਬੁੱਧਵਾਰ ਨੂੰ ਸਰਕਾਰੀ ਕਾਲਜ (ਲੜਕੀਆਂ) ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ ਵਿਖੇ ਰੱਖਿਆ ਗਿਆ ਹੈ ਜਿਸ ਵਿੱਚ ਸ਼੍ਰੀ ਸੁਖਜੀਤ ਵਿਦਿਆਰਥੀਆ ਨਾਲ ਆਪਣੀ ਸਿਰਜਣ ਪ੍ਰਕਿਰਿਆ ਅਤੇ ਜੀਵਨ ਦੇ ਅਨੁਭਵ ਸਾਂਝੇ ਕਰਨਗੇ। ਸ਼੍ਰੀ ਸੁਖਜੀਤ ਦੀ ਸਾਹਿਤਕ ਸਿਰਜਣਾ ਬਾਰੇ ਕਹਾਣੀਕਾਰ ਸ਼੍ਰੀ ਬਲਵਿੰਦਰ ਗਰੇਵਾਲ ਵਿਸਥਾਰ ਵਿੱਚ ਚਰਚਾ ਕਰਨਗੇ। ਇਸ ਮੌਕੇ ਸਰਕਾਰੀ ਕਾਲਜ (ਲੜਕੀਆਂ) ਮਾਛੀਵਾੜਾ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਇਲਾਕੇ ਦੀਆਂ ਹੋਰ ਸਾਹਿਤਕ ਸ਼ਖਸੀਅਤਾਂ ਵੀ ਹਾਜ਼ਰ ਰਹਿਣਗੀਆਂ। ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਹੈ ਜਿਸਦੇ ਤਹਿਤ ਵੱਖ-ਵੱਖ ਸਮਿਆਂ ‘ਤੇ ਅਨੇਕ ਤਰ੍ਹਾਂ ਦੇ ਸਮਾਗਮ ਵੀ ਉਲੀਕੇ ਜਾਂਦੇ ਹਨ। ਮੁੱਖ ਦਫ਼ਤਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਜਿੱਥੇ ਉਪਰੋਕਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ ਉਥੇ ਹੀ ਜ਼ਿਲ੍ਹਾ ਪੱਧਰਾਂ ਉੱਤੇ ਵੀ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ ਜਿਨ੍ਹਾ ਵਿੱਚ ਸਾਹਿਤਕ ਗੋਸ਼ਠੀਆਂ, ਕਵੀ ਦਰਬਾਰ ਅਤੇ ਰੂ-ਬਰੂ ਆਦਿ ਦਾ ਆਯੋਜਨ ਕਰਵਾਇਆ ਜਾਂਦਾ ਹੈ।