ਪਿੰਡ ਰਾਜੇਵਾਲ ‘ਚ ਜਲਦ ਸੀ.ਐਚ.ਸੀ. ਹਸਪਤਾਲ ਦਾ ਨਿਰਮਾਣ ਕੀਤਾ ਜਾਵੇਗਾ
ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਸਿਹਤ ਮੰਤਰੀ ਅਤੇ ਮੈਡੀਕਲ ਸਿੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋ ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਰਾਜੇਵਾਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਪਿੰਡ ਰਾਜੇਵਾਲ ਵਿੱਚ ਸੀ.ਐਚ.ਸੀ. ਹਸਪਤਾਲ ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਸਾਂਝੇ ਤੌਰ ‘ਤੇ ਕਿਹਾ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਦੇ ਨੇੜੇ ਦੇਣ ਲਈ ਤਤਪਰ ਹੈ। ਸੂਬੇ ਵਿਚ 26 ਜਨਵਰੀ ਮੌਕੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 500 ਕਰ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਖਾਸ ਕਰਕੇ ਲੋੜਵੰਦ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉਹਨਾਂ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ 100 ਆਮ ਆਦਮੀ ਕਲੀਨਿਕਾਂ ਦਾ ਲਾਭ ਲਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਿਹਤ ਸਹੂਲਤਾਂ ਨੂੰ ਹੋਰ ਮਜਬੂਤ ਕਰਨ ਲਈ 271 ਮਾਹਿਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਜਿਸ ਨਾਲ ਸੂਬਾ ਮਾਹਿਰ ਡਾਕਟਰਾਂ ਦੀ ਸਹੂਲਤ ਦੀ ਸ੍ਰੇਣੀ ਵਿੱਚ ਉਤਰੀ ਭਾਰਤ ਦਾ ਸਰਬੋਤਮ ਸੂਬਾ ਬਣ ਗਿਆ ਹੈ। ਉਹਨਾਂ ਵਿਧਾਇਕਾਂ, ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਵਿਚ ਮੁੱਢਲੀ ਸਹਾਇਤਾ ਕਿੱਟ ਰੱਖਣੀ ਯਕੀਨੀ ਬਣਾਉਣ ਤਾਂ ਜੋ ਰਸਤੇ ਵਿੱਚ ਸੜ੍ਹਕ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ‘ਫਰਿਸ਼ਤੇ ਯੋਜਨਾ’ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਸੜ੍ਹਕ ਹਾਦਸੇ ਵਿੱਚ ਪੀੜਤ ਵਿਅਕਤੀ ਨੂੰ ਹਸਪਤਾਲ ਪੁਚਾਉਣ ਵਾਲੇ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਉਤਸ਼ਾਹੀ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਉਸਨੂੰ ਕਿਸੇ ਕੇਸ ਵਿੱਚ ਉਲਝਾਇਆ ਨਹੀਂ ਜਾਇਆ ਕਰੇਗਾ। ਉਹਨਾਂ ਕਿਹਾ ਕਿ ਜਲਦ ਹੀ ਸੂਬੇ ਦੇ ਸਾਰੇ ਨਰਸਿੰਗ ਹੋਮਾਂ, ਟੋਲ ਪਲਾਜਾ ਅਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਐਂਬੂਲੈਂਸ ਸਹੂਲਤਾਂ ਨੂੰ ਕਲੱਬ ਕਰਕੇ ਇਕ ਪੂਲ ਬਣਾਇਆ ਜਾਵੇਗਾ ਅਤੇ ਇਹਨਾਂ ਦਾ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਹੰਗਾਮੀ ਹਾਲਤ ਵਿੱਚ ਲੋੜਵੰਦ ਵਿਅਕਤੀ ਇਸ ਸਹੂਲਤ ਦਾ ਲਾਭ ਲੈ ਸਕਣਗੇ। ਇਸ ਤੋਂ ਇਲਾਵਾ ਲੋੜ ਪੈਣ ਉੱਤੇ ਸਰਕਾਰੀ ਹਸਪਤਾਲ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀ ਸਹਾਇਤਾ ਵੀ ਲੈ ਸਕਣਗੇ। ਇਸ ਸਭ ਦੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਏਗੀ। ਸਿਹਤ ਸੰਸਥਾਵਾਂ ਵਿੱਚ ਟੈਲੀਮੈਡੀਸਿਨ ਵਿਧੀ ਨੂੰ ਵੀ ਉਤਸਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲਈ ਕੁਦਰਤੀ ਜੜੀਆਂ-ਬੂਟੀਆਂ ਤੋਂ ਬਣੀਆਂ ਦਵਾਈਆਂ, ਮੈਡੀਟੇਸ਼ਨ, ਯੋਗ ਅਤੇ ਸਾਦਾ ਭੋਜਨ ਬਹੁਤ ਜ਼ਿਆਦਾ ਲਾਹੇਵੰਦ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੁਦਰਤੀ ਇਲਾਜ ਪ੍ਰਣਾਲੀਆਂ ਤਹਿਤ ਬਿਮਾਰੀਆਂ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਭਨਾਂ ਨੂੰ ਮਿਲ ਕੇ ਸਾਰਥਕ ਤੇ ਠੋਸ ਕਦਮ ਉਠਾਉਣੇ ਚਾਹੀਦੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੁਦਰਤੀ ਇਲਾਜ ਪ੍ਰਣਾਲੀਆਂ ਨੂੰ ਪ੍ਰਫੁੱਲਿਤ ਕਰਨ ਵੱਲ ਖਾਸ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਨੌਜਵਾਨੀ ਨੂੰ ਨਿਜਾਤ ਦਿਵਾਉਣ ਲਈ ਵੀ ਆਯੁਰਵੈਦਿਕ ਇਲਾਜ ਵਿਧੀਆਂ ਲਾਭਕਾਰੀ ਸਿੱਧ ਹੋ ਸਕਦੀਆਂ ਹਨ।