27 ਵਾਹਨਾਂ ਦੇ ਕੀਤੇ ਚਲਾਨ, 13 ਗੱਡੀਆਂ ਵੀ ਕੀਤੀਆਂ ਬੰਦ
ਲੁਧਿਆਣਾ (ਰਾਜਕੁਮਾਰ ਸਾਥੀ)। ਸਕੱਤਰ ਆਰ.ਟੀ.ਏ., ਲੁਧਿਆਣਾ ਵੱਲੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਸ਼ੇਰਪੁਰ ਚੌਂਕ ਤੋਂ ਢੰਡਾਰੀ, ਸਾਹਨੇਵਾਲ ਕੱਟ, ਸ਼ੇਰਪੁਰ ਚੌਂਕ ਤੋਂ ਬਸ ਸਟੈਂਡ, ਬਸ ਸਟੈਂਡ ਤੋਂ ਸਮਰਾਲਾ ਚੌਂਕ, ਸ਼ੇਰਪੁਰ ਚੌਂਕ ਤੋਂ ਪ੍ਰਤਾਪ ਚੌਂਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਸਖਤਾਈ ਨਾਲ ਸਪੈਸ਼ਲ ਚੈਕਿੰਗ ਕੀਤੀ ਗਈ। ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਗੱਡੀਆਂ ਦੇ ਚਾਲਾਨ ਕੀਤੇ ਗਏ ਜਿਸ ਵਿੱਚ 5 ਕੈਂਟਰ, 7 ਟਰੱਕ, 5 ਟਿੱਪਰ, 3 ਸਲੀਪਰ ਬੱਸ, 15 ਸਟੇਜ ਕੈਰਿਜ ਬੱਸਾਂ, 3 ਟਰੈਕਟਰ ਟਰਾਲੀ, 1 ਸਕੂਲ ਵੈਨ, 1 ਮਿੰਨੀ ਬੱਸ ਸ਼ਾਮਲ ਸਨ। ਇਨ੍ਹਾਂ ਵਹੀਕਲਾਂ ਵਿੱਚ ਕੋਟਨ ਪਰਦਾ, ਓਵਰਹਾਈਟ, ਬਿਨਾਂ ਕਾਗਜ਼ਾਤ, ਬਿਨਾਂ ਟੈਕਸ, ਓਵਰਲੋਡ ਯਾਤਰੀ, ਪ੍ਰੈਸ਼ਰ ਹਾਰਨ, ਬਿਨਾਂ ਨੰਬਰ ਪਲੇਟ, ਬਾਡੀ ਅਲਟਰੇਸ਼ਨ, ਬਿਨਾਂ ਪਰਮਿਟ, ਕਮਰਸ਼ੀਅਲ ਵਰਤੋਂ, ਪ੍ਰਦੂਸ਼ਣ, ਡਰਾਈਵਰ ਵਰਦੀ, ਬਿਨਾਂ ਇੰਸ਼ੋਰੈਂਸ ਅਤੇ ਬਿਨਾਂ ਫਿਟਨਸ ਕਰਕੇ ਚਾਲਾਨ ਕੀਤੇ ਗਏ। ਇਹਨਾਂ ਵਿੱਚੋਂ 13 ਗੱਡੀਆਂ ਬੰਦੀ ਵੀ ਕੀਤੀਆਂ ਗਈਆਂ।
ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਨਾ ਹੀ ਕਿਸੇ ਵੀ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਕੀਤੀ ਜਾਵੇਗੀ। ਉਨ੍ਹਾਂ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਕਿ ਉਹ ਆਪਣੀਆਂ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜ੍ਹਕ ‘ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।