ਲੁਧਿਆਣਾ (ਰਾਜਕੁਮਾਰ ਸਾਥੀ) । ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ‘ਰੁੱਖ ਲਗਾਓ ਵਾਤਾਵਰਣ ਬਚਾਓ’ ਸੰਸਥਾ ਦੇ ਮੈਂਬਰਾਂ ਨੇ ਜਿਲਾ ਜੰਗਲਾਤ ਅਫਸਰ ਲੁਧਿਆਣਾ ਹਰਭਜਨ ਸਿੰਘ ਦੀ ਯੋਗ ਰਹਿਨੁਮਾਈ, ਵਣ ਰੇਂਜ ਅਫਸਰ ਦੋਰਾਹਾ ਜਸਵੀਰ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਸੁਰਿੰਦਰ ਸਿੰਘ ਬੀਟ ਅਫਸਰ ਦੀ ਦੇਖਰੇਖ ’ਚ ਅੱਜ ਸ਼ਹਿਰ ਦੇ ਵਾਰਡ ਨੰਬਰ 28’ਚ ਸਥਿੱਤ ਸ਼ਮਸ਼ਾਨਘਾਟ, ਪਾਣੀ ਵਾਲੀ ਟੈਂਕੀ ਖੇਤਰ ’ਚ ਤ੍ਰਿਵੈਣੀ ਦੇ ਬੂਟੇ ਲਗਾਏ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤਰਿੰਦਰ ਸਿੰਘ ਗਿੱਲ ਨੇ ਸੰਸਥਾ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ’ਚ ਦੂਸਰੇ ਦਿਨ ਵੀ ਉਚੇਚੇ ਤੌਰ ’ਤੇ ਸ਼ਮੂਲੀਅਤ ਕਰਕੇ ਪਿੱਪਲ, ਨਿੰਮ ਤੇ ਬਰੋਟੇ ਦੇ ਬੂਟੇ ਲਗਾਏ। ਤਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਸੰਸਥਾ ਜਿੱਥੇ ਹਰਿਆਵਲ ਲਹਿਰ ਅਧੀਨ ਬੂਟੇ ਲਗਾਕੇ ਵਾਤਾਵਰਣ ਨੂੰ ਬਚਾਉਣ ਲਈ ਚੰਗਾ ਉਪਰਾਲਾ ਕਰ ਰਹੀ ਹੈ, ਉਥੇ ਸਮਾਜ ਨੂੰ ਜਾਗਰੂਕ ਕਰਕੇ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਸ੍ਰ. ਗਿੱਲ ਨੇ ਕਿਹਾ ਕਿ ਤ੍ਰਿਵੈਣੀ ਦੇ ਬੂਟੇ 24 ਘੰਟੇ ਆਕਸੀਜ਼ਨ, ਸ਼ੁੱਧ ਹਵਾ ਦੇਣ ਤੋਂ ਇਲਾਵਾ ਨਿਰੋਗ ਕਾਇਆ ਵਾਸਤੇ ਆਯੂਰਵੈਦ ਦਾ ਕੰਮ ਕਰਦੇ ਹਨ। ਬੀਟ ਅਫਸਰ ਸੁਰਿੰਦਰ ਸਿੰਘ ਨੇ ਸੰਸਥਾ ਵੱਲੋਂ ਪੰਜਾਬ ਸਰਕਾਰ ਦੀ ਹਰਿਆਵਲ ਲਹਿਰ ’ਚ ਪਾਏ ਜਾ ਰਹੇ ਯੋਗਦਾਨ ਅਤੇ ਤ੍ਰਿਵੈਣੀ ਦੇ ਬੂਟੇ ਪਿੱਪਲ, ਬਰੋਟੇ ਅਤੇ ਨਿੰਮ ਆਦਿ ਲਗਾਉਣ ਲਈ ਹਰਪ੍ਰੀਤ ਸਿੰਘ ਪ੍ਰਿੰਸ ਤੇ ਸੰਸਥਾ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ।ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ ਨਿਸ਼ਕਾਮ ਸੇਵਾ ਤਹਿਤ ਵੱਖ ਵੱਖ ਥਾਵਾਂ ’ਤੇ ਬੂਟੇ ਲਗਾਕੇ ਤੇ ਸਮਾਜ ਨੂੰ ਜਾਗਰੂਕ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ’ਚ ਜਿੰਮੇਵਾਰ ਨਾਗਰਿਕ ਦੇ ਤੌਰ ’ਤੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ। ਪ੍ਰਿੰਸ ਨੇ ਹੌਂਸਲਾ ਅਫ਼ਜ਼ਾਈ ਤੇ ਮਾਰਗ ਦਰਸਨ ਕਰਨ ਲਈ ਜੰਗਲਾਤ ਮਹਿਕਮੇ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਪ ਆਗੂ ਜਸਵੰਤ ਸਿੰਘ ਚੌਹਾਨ, ਰਾਜੀਵ ਪੁੰਜ, ਸੰਸਥਾ ਆਗੂ ਸ਼ੇਰ ਸਿੰਘ, ਧਰਮਵੀਰ ਸ਼ਰਮਾ, ਇਸ਼ਵਿੰਦਰ ਸਿੰਘ ਹੈਪੀ, ਪਰਮਜੀਤ ਸਿੰਘ ਪੰਮੀ, ਭਗਵਾਨ ਸਿੰਘ, ਬੂਟਾ ਸਿੰਘ, ਪਰਮਜੀਤ ਸਿੰਘ ਪੰਮਾ ਆਦਿ ਹਾਜਰ ਸਨ।