ਲੁਧਿਆਣਾ 13 ਮਈ (ਰਾਜਕੁਮਾਰ ਸਾਥੀ)। ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਠਾਠਾਂ ਮਾਰਦੇ ਇਕੱਠ ਨੂੰ ਨਾਲ ਲੈਕੇ ਵੱਡੇ ਕਾਫਲੇ ਦੇ ਰੂਪ ਵਿੱਚ ਡੀਸੀ ਦਫਤਰ ਵਿਖੇ ਪਹੁੰਚੇ। ਜਿੱਥੇ ਕਿ ਉਨ੍ਹਾਂ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਐਸਆਰ ਕਲੇਰ ਆਦਿ ਸਾਥੀਆਂ ਸਮੇਤ ਕਾਗਜ ਦਾਖਲ ਕਰਨ ਉਪਰੰਤ ਆਪਣੇ ਸੰਬੋਧਨ ਸਮੇਂ ਕਿਹਾ ਕਿ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦੇ ਉੱਪਰ ਰਾਜ ਕਰਨ ਅਤੇ ਪੰਜਾਬੀਆਂ ਦਾ ਪੈਸਾ ਲੁੱਟਣ ਦੇ ਮਕਸਦ ਨਾਲ ਆਉਂਦੀਆਂ ਹਨ। ਜਦਕਿ ਇਨ੍ਹਾਂ ਨੇ ਨਾਂ ਤਾਂ ਪੰਜਾਬ ਦਾ ਕਦੇ ਭਲਾ ਕੀਤਾ ਹੈ ਅਤੇ ਨਾ ਹੀ ਕਰਨਾ ਹੈ। ਉਹਨਾਂ ਕਿਹਾ ਕਿ ਵਪਾਰੀਆਂ, ਦੁਕਾਨਦਾਰਾਂ, ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ, ਕਿਸਾਨਾਂ, ਮਜਦੂਰਾਂ ਸਮੇਤ ਪੰਜਾਬ ਦੇ ਹਰ ਵਰਗ ਅਤੇ ਧਰਮ ਦੇ ਲੋਕਾਂ ਦੇ ਹੱਕ ਵਿੱਚ ਖੜਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਉਹਨਾਂ ਕਿਹਾ ਕਿ ਆਪ ਮੁਹਾਰੇ ਲੋਕਾਂ ਦਾ ਹੋਇਆ ਅੱਜ ਦਾ ਭਰਵਾਂ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਇਹਨਾਂ ਗਰੰਟੀਆਂ ਵਾਲਿਆਂ ਦੇ ਬਹਿਕਾਵਿਆਂ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਨ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਅਸੀਂ ਸਭ ਜਾਣਦੇ ਆਂ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨੀ ਸਮੇਤ ਹਰ ਵਰਗ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਪੰਜਾਬ ਨੂੰ ਸਾਰਿਆਂ ਸਹੂਲਤਾਂ ਤੋਂ ਵਾਂਝੇ ਰੱਖਿਆ। ਜਦ ਕਿ ਕਾਂਗਰਸ ਨੇ ਸਾਡੇ ਪੰਜਾਬ ਦਾ ਕਿੰਨਾ ਕੁ ਨੁਕਸਾਨ ਕੀਤਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨਾਂ ਕਿਹਾ ਕਿ ਆਪ ਵਾਲਿਆਂ ਨੇ ਝੂਠੀਆਂ ਗਰੰਟੀਆਂ ਅਤੇ ਬਦਲਾਅ ਦਾ ਨਾਅਰਾ ਲਗਾਕੇ ਸੱਤਾ ਤਾਂ ਹਾਸਿਲ ਕਰ ਲਈ, ਪਰੰਤੂ ਲੋਕ ਦੋ ਸਾਲਾਂ ਬਾਅਦ ਇਸ ਨਾਤਜਰਬੇਕਾਰ ਮਾਨ ਸਰਕਾਰ ਦਾ ਹੀ ਬਦਲਾਅ ਲੱਭਣ ਲੱਗ ਪਏ ਹਨ।