ਦਿਵਿਆਂਗ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ ਹਨ – ਸੁਰਭੀ ਮਲਿਕ
ਲੁਧਿਆਣਾ (ਰਾਜਕੁਮਾਰ ਸਾਥੀ)। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸਥਾਨਕ ਫੇਸ-1 ਦੁੱਗਰੀ ਵਿਖੇ ਸਥਿਤ ਆਸ਼ੀਰਵਾਦ ਇਮਾਰਤ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਹੁਨਰ ਸਿਖਲਾਈ ਕੇਂਦਰ ਸਮਰਪਿਤ ਕੀਤਾ। ਵਰਸੇਟਾਈਲ ਐਂਟਰਪ੍ਰਾਈਜ਼ਿਜ਼ ਵਲੋਂ ਇਸ ਕੇਂਦਰ ਦੀ ਸਥਾਪਨਾ ਸੀ.ਐਸ.ਆਰ. ਪਹਿਲਕਦਮੀ ਤਹਿਤ ਕੀਤੀ ਗਈ ਹੈ। ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਦਯੋਗਿਕ ਮਸ਼ੀਨਾਂ ਦੀ ਸਿਖਲਾਈ ਅਤੇ ਉਤਪਾਦਨ, ਸਟਾਕ ਅਤੇ ਬਿਲਿੰਗ ਦੀਆਂ ਮੁੱਢਲੀਆਂ ਜ਼ਰੂਰਤਾਂ ਬਾਰੇ ਸਿਖਲਾਈ ਦੇਣ ਤੋਂ ਬਾਅਦ ਆਰਥਿਕ ਸ਼ਸ਼ਕਤੀਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਉਪਰਾਲੇ ਨੂੰ ਮਾਨਵਤਾ ਦੀ ਸੱਚੀ ਸੇਵਾ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਸਰੀਰਕ ਤੌਰ ‘ਤੇ ਅਪੰਗ ਵਿਅਕਤੀਆਂ ਦੇ ਜੀਵਨ ਨੂੰ ਬਦਲਣ ਦੇ ਉਦੇਸ਼ ਨਾਲ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਗੈਰ ਸਰਕਾਰੀ ਸੰਗਠਨ ਆਸ਼ੀਰਵਾਦ-ਦ ਨਾਰਥ ਇੰਡੀਆ ਸੇਰੇਬ੍ਰਲ ਪਾਲਸੀ ਐਸੋਸੀਏਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਇਨ੍ਹਾਂ ਵਿਅਕਤੀਆਂ ਨੂੰ ਸਿੱਖਣ ਦੇ ਨਾਲ-ਨਾਲ ਬਣਾਏ ਉਤਪਾਦਾਂ ਦੀ ਮਾਰਕੀਟਿੰਗ ਕਰਕੇ ਰੋਜੀ-ਰੋਟੀ ਕਮਾਉਣ ਵਿੱਚ ਸਹਾਈ ਸਿੱਧ ਹੋਵੇਗਾ। ਦਿਵਿਆਂਗ ਵਿਅਕਤੀਆਂ ਵਲੋਂ ਬੈਗ, ਵੈਨਿਟੀ ਕਿੱਟਾਂ ਅਤੇ ਘਰੇਲੂ ਫਰਨੀਚਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਮੇਤ ਹੋਰ ਉਤਪਾਦ ਪਹਿਲਾਂ ਹੀ ਤਿਆਰ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਕਿਹਾ ਕਿ ਉਹ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਹਰ ਕਦਮ ਚੁੱਕਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਵੀ ਦੂਜਿਆਂ ਵਾਂਗ ਹੀ ਅਧਿਕਾਰ ਪ੍ਰਾਪਤ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਸੰਵੇਦਨਸ਼ੀਲ ਅਤੇ ਉਨ੍ਹਾਂ ਪ੍ਰਤੀ ਹਮੇਸ਼ਾ ਦਿਆਲੂ ਵਿਹਾਰ ਕਰਨ ਲਈ ਵੀ ਕਿਹਾ। ਇਸ ਤੋਂ ਪਹਿਲਾਂ ਡਾ. ਨੀਲਮ ਸੋਢੀ, ਅਖਿਲ ਸੇਠ ਅਤੇ ਗੀਤਾਂਜਲੀ ਬਖਸ਼ੀ ਨੇ ਕੇਂਦਰ ਦੇ ਕੰਮਕਾਜ ਅਤੇ ਦਿਵਿਆਂਗ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਦੀਆਂ ਕਿਸਮਾਂ ਬਾਰੇ ਦੱਸਿਆ।