ਸਿਹਤ ਮੰਤਰੀ ਨੇ ਕਿਹਾ! ਐਚ.ਆਈ.ਵੀ/ਏਡਜ਼ ਵਿਰੁੱਧ ਸਾਡੀ ਸਮੂਹਿਕ ਲੜਾਈ ‘ਚ ਸਮਾਜ ਦੀ ਹੈ ਮਹੱਤਵਪੂਰਨ ਭੂਮਿਕਾ, ਨੌਜਵਾਨਾਂ ਨੂੰ ਇਸ ਲੜਾਈ ‘ਚ ਮੋਹਰੀ ਰੋਲ ਅਦਾ ਕਰਨ ਦਾ ਵੀ ਦਿੱਤਾ ਸੱਦਾ
ਲੁਧਿਆਣਾ (ਰਾਜਕੁਮਾਰ ਸਾਥੀ)। ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਕਾਸਾ ਲਾ ਬੈਰੋਨ ਵਿੱਚ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸਿਹਤ ਅਤੇ ਪਰਿਵਾਰ ਭਲਾਈ ਦੇ ਐਡਮਿਨੀਸਟ੍ਰੇਟਿਵ ਸੈਕਟਰੀ ਸ਼੍ਰੀ ਅਜੋਏ ਸ਼ਰਮਾ ਆਈ.ਏ.ਐਸ., ਵਿਸ਼ੇਸ਼ ਸਕੱਤਰ ਪੰਜਾਬ ਰਾਜ-ਕਮ-ਪ੍ਰੋਜੈਕਟ ਡਾਇਰੈਕਟਰ ਏਡਜ਼ ਕੰਟਰੋਲ ਸੋਸਾਇਟੀ ਡਾ. ਅਡੱਪਾ ਕਾਰਤਿਕ ਆਈ.ਏ.ਐਸ., ਡਾਇਰੈਕਟਰ ਫੈਮਿਲੀ ਵੈਲਫੇਅਰ-ਕਮ-ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ, ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਨਾਮਵਰ ਸਖਸੀਅਤਾਂ ਮੌਜੂਦ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ‘ਕਮਿਉਨਿਟੀਜ਼ ਨੂੰ ਅਗਵਾਈ ਕਰਨ ਦਿਓ’ ਥੀਮ ਹੇਠ ਮਨਾਇਆ ਜਾ ਰਿਹਾ ਹੈ। ਇਸ ਥੀਮ ਦਾ ਉਦੇਸ਼ ਐਚ.ਆਈ.ਵੀ/ਏਡਜ਼ ਵਿਰੁੱਧ ਸਾਡੀ ਸਮੂਹਿਕ ਲੜਾਈ ਵਿੱਚ, ਸਮਾਜ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਉਨ੍ਹਾਂ ਨੇ ਅੱਗੇ ਆ ਕੇ ਇਸ ਲੜਾਈ ਦੀ ਅਗਵਾਈ ਕਰਨੀ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਉਹ ਏਡਜ ਵਿਰੁੱਧ ਲੜਾਈ ਵਿੱਚ ਮੋਹਰੀ ਰੋਲ ਅਦਾ ਕਰਨ। ਉਨ੍ਹਾਂ ਏਡਜ ਰੋਕਥਾਮ ਵਿੱਚ ਰੁੱਝੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓ.) ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿਹਾ ਕਿ ਉਹ ਸਕੂਲਾਂ/ਕਾਲਜ਼ਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਨਾ-ਮੁਰਾਦ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਅੱਜ ਤੋਂ 43 ਸਾਲ ਪਹਿਲਾਂ (1981) ਏਡਜ਼ ਦੀ ਬਿਮਾਰੀ ਬਾਰੇ ਪਤਾ ਲੱਗਾ ਸੀ ਅਤੇ ਹੁਣ ਇਹ ਬਿਮਾਰੀ ਦੁਨੀਆਂ ਭਰ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ ਹੈ।
ਦੁਨੀਆ ਭਰ ਵਿੱਚ ਐਚ.ਆਈ.ਵੀ. ਵਾਇਰਸ ਫੈਲ ਰਿਹਾ ਹੈ। ਇਹ ਅਜਿਹਾ ਵਾਇਰਸ ਹੈ, ਜੋ ਆਮ ਲੋਕਾਂ ਨੂੰ ਉਦੋਂ ਤੱਕ ਪ੍ਰਭਾਵਿਤ ਨਹੀਂ ਕਰਦਾ ਜਦੋਂ ਤੱਕ ਵਾਇਰਸ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਂਦਾ। ਅੱਜ ਇਹ ਬਿਮਾਰੀ ਸਾਡੇ ਵਾਸਤੇ ਇਕ ਸਮੱਸਿਆ ਹੀ ਨਹੀਂ ਸਗੋਂ ਇੱਕ ਸਮਾਜਿਕ ਅਤੇ ਆਰਥਿਕ ਸਮੱਸਿਆ ਵੀ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ 24 ਲੱਖ 67 ਹਜ਼ਾਰ ਦੇ ਲਗਭਗ ਐਚ.ਆਈ.ਵੀ. ਦੇ ਮਰੀਜ਼ ਹਨ। ਪੰਜਾਬ ਵਿੱਚ 62,044 ਐਚ.ਆਈ.ਵੀ. ਪਾਜ਼ਿਟਿਵ ਮਰੀਜ਼ ਦਵਾਈ ਲੈਣ ਲਈ ਏ.ਆਰ.ਟੀ. ਕੇਂਦਰਾਂ ਵਿੱਚ ਰਜਿਸਟਰਡ ਹਨ। ਪੰਜਾਬ ਸਰਕਾਰ ਵੱਲੋਂ ਐਚ.ਆਈ.ਵੀ. ‘ਤੇ ਕਾਬੂ ਪਾਉਣ ਅਤੇ ਇਲਾਜ ਲਈ 115 ਆਈ.ਈ.ਸੀ.ਟੀ.ਸੀ. ਕੇਂਦਰ ਜ਼ਿਲ੍ਹਾ ਪੱਧਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਚਲਾਏ ਜਾ ਰਹੇ ਹਨ, ਜਿੱਥੇ ਕੋਈ ਵੀ ਆਪਣਾ ਟੈਸਟ ਮੁਫ਼ਤ ਕਰਵਾ ਸਕਦਾ ਹੈ ਅਤੇ ਟੈਸਟ ਦੀ ਨਤੀਜੇ ਗੁਪਤ ਰੱਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਐਚ.ਆਈ.ਵੀ. ਪਾਜਿਟਿਵ ਪਾਇਆ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਉਹ ਵੀ ਦਵਾਈਆਂ ਨਾਲ ਲੰਬੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਅਤੇ ਇਹ ਦਵਾਈਆਂ ਸਰਕਾਰੀ ਹਸਪਤਾਲਾਂ ਦੇ 25 ਏ.ਆਰ.ਟੀ. ਕੇਂਦਰਾਂ ਵਿੱਚ ਮੁਫ਼ਤ ਦਿੱਤੀਆ ਜਾ ਰਹੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਸੂਈ ਸਰਿੰਜਾਂ ਨਾਲ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ 41 ਓ.ਐਸ.ਟੀ. ਕੇਂਦਰਾਂ ਵਿੱਚ ਇਲਾਜ ਮੁਫ਼ਤ ਦਿੱਤਾ ਜਾ ਰਿਹਾ ਹੈ। ਗੁਪਤ ਰੋਗਾਂ ਨਾਲ ਪੀੜ੍ਹਤ ਲੋਕਾਂ ਦੇ ਮੁਫ਼ਤ ਇਲਾਜ ਲਈ 31 ਸੁਰੱਖਿਆ ਕੇਂਦਰ ਚਲਾਏ ਜਾ ਰਹੇ ਹਨ। ਤੰਦਰੁਸਤ ਖੂਨ ਲੋੜਵੰਦ ਮਰੀਜਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ 173 ਬਲੱਡ ਸੈਂਟਰ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਚਲਾਏ ਜਾ ਰਹੇ ਹਨ, ਜਿਥੇ ਦਾਨ ਕੀਤੇ ਹੋਏ ਖੂਨ ਨੂੰ ਮਰੀਜ ਨੂੰ ਚੜ੍ਹਾਉਣ ਤੋਂ ਪਹਿਲਾਂ 5 ਬਿਮਾਰੀਆਂ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ ਤਾਂ ਜੋ ਲੋੜਵੰਦ ਮਰੀਜਾਂ ਨੂੰ ਐਚ.ਆਈ.ਵੀ. ਅਤੇ ਹੋਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉੱਚ ਜੋਖਿਮ ਲੋਕਾਂ (ਸੈਕਸ ਵਰਕਰ, ਆਈ.ਡੀ.ਯੂ. ਤੇ ਹੋਰ) ਨੂੰ ਐਚ.ਆਈ.ਵੀ/ਏਡਜ਼ ਤੋਂ ਬਚਾਉਣ ਲਈ 66 ਟਾਰਗੇਟ ਇੰਟਰਵੈਂਸ਼ਨ ਪ੍ਰੋਜੈਕਟ ਚਲਾਏ ਜਾ ਰਹੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਐਚ.ਆਈ.ਵੀ. ਨਾਲ ਸੰਕਰਮਿਤ ਅਤੇ ਪ੍ਰਭਾਵਿਤ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕਰਨ ਵਾਲੇ ਖਿਲਾਫ ਐਚ.ਆਈ.ਵੀ/ਏਡਜ਼ (ਪੀ ਐਂਡ ਸੀ) ਐਕਟ 2017 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਆਪਣੀ ਪੇਸ਼ਕਾਰੀ ਰਾਹੀਂ ਏਡਜ਼ ਤੋਂ ਬਚਾਅ, ਇਸ ਦੀ ਰੋਕਥਾਮ ਅਤੇ ਪੀੜ੍ਹਤ ਵਿਅਕਤੀਆਂ ਨਾਲ ਬਿਨ੍ਹਾਂ ਕਿਸੇ ਭੇਦਭਾਵ ਕੀਤੇ ਡਾਕਟਰੀ ਇਲਾਜ਼ ਕਰਵਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਏਡਜ਼ ਪੀੜਤਾਂ ਵਲੋਂ ਵੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਉਹ ਉਨ੍ਹਾਂ ਮੁਸ਼ਕਿਲਾਂ ਤੋਂ ਪਾਰ ਪਾ ਕੇ ਚੰਗਾ ਜੀਵਨ ਬਤੀਤ ਕਰ ਰਹੇ ਹਨ।