ਇਸ ਪਹਿਲਕਦਮੀ ਤਹਿਤ ਸਰਕਾਰੀ ਖਜ਼ਾਨੇ ਨੂੰ 21 ਲੱਖ ਰੁਪਏ ਦੀ ਬੱਚਤ ਹੋਵੇਗੀ, 34 ਟਨ ਕਾਗਜ਼ ਦੀ ਵੀ ਖ਼ਪਤ ਘਟੇਗੀ, ਕਿਹਾ! ਰੁੱਖਾਂ ਦੀ ਕਟਾਈ ‘ਤੇ ਪਵੇਗੀ ਠੱਲ੍ਹ, ਪੰਜਾਬ ਸਰਕਾਰ ਹੋਰਨਾਂ ਸੂਬਿਆਂ ਲਈ ਬਣੇਗੀ ਪ੍ਰੇਰਣਾ ਸਰੋਤ
ਲੁਧਿਆਣਾ (ਦੀਪਕ ਸਾਥੀ)। ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸੂਬੇ ਵਿੱਚ ਪੇਪਰ ਰਹਿਤ ਵਿਧਾਨ ਸਭਾ ਸ਼ੁਰੂ ਹੋਣ ਤੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਵਿਧਾਇਕ ਛੀਨਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਵਲੋਂ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ ਵੀ ਲਾਂਚ ਕੀਤੀ ਗਈ ਜਿਸ ਨਾਲ ਪੰਜਾਬ ਦੀ ਵਿਧਾਨ ਸਭਾ ਦੇਸ਼ ਦੀ ਪਹਿਲੀ ਅਜਿਹੀ ਵਿਧਾਨ ਸਭ ਬਣੀ ਹੈ ਜੋਕਿ ਪੇਪਰ ਲੈਸ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਪੇਪਰ ਰਹਿਤ ਹੋਣ ਕਾਰਨ ਕਾਗਜ਼ਾਂ ਦੀ ਕਾਫੀ ਬੱਚਤ ਹੋਵੇਗੀ। ਸਰਕਾਰੀ ਖ਼ਜ਼ਾਨੇ ਨੂੰ ਜਿੱਥੇ ਕਰੀਬ 21 ਲੱਖ ਰੁਪਏ ਦੀ ਬੱਚਤ ਹੋਵੇਗੀ ਉੱਥੇ 34 ਟਨ ਕਾਗਜ਼ ਦੀ ਖ਼ਪਤ ਵੀ ਘੱਟੇਗੀ। 34 ਟਨ ਕਾਗਜ਼ ਤਿਆਰ ਕਰਨ ਲਈ 800 ਤੋਂ ਵੱਧ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਸੀ ਉਸ ਦਾ ਵੀ ਬਚਾਅ ਹੋਵੇਗਾ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਇਹ ਕਦਮ ਸਮੇਂ ਦੀ ਲੋੜ ਸੀ ਅਤੇ ਪੰਜਾਬ ਸਰਕਾਰ ਨੇ ਬਾਕੀਆਂ ਸੂਬਿਆਂ ਲਈ ਉਦਾਹਰਨ ਸੈੱਟ ਕੀਤੀ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਨੇਵਾ ਐਪ ਸਬੰਧੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਿਖਲਾਈ ਦੇਣ ਲਈ ਸੈਸ਼ਨ ਅਤੇ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ। ਉਨ੍ਹਾ ਕਿਹਾ ਕਿ ਇਹ ਐਪ ਨਾ ਸਿਰਫ ਮੈਂਬਰਾਂ ਨੂੰ ਵਿਧਾਨਿਕ ਬਹਿਸਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਵਿੱਚ ਮਦਦ ਕਰੇਗਾ, ਸਗੋਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਚਾਰੂ ਬਣਾਉਣ ਵਿੱਚ ਵੀ ਤੇਜ਼ੀ ਨਾਲ ਪ੍ਰਕਿਰਿਆ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਡਿਜੀਟਲਾਈਜੇਸ਼ਨ ਵੱਲ ਵੱਧ ਰਿਹਾ ਹੈ। ਜੋ ਕਿ ਇੱਕ ਚੰਗਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਾਤਾਵਰਨ ਪ੍ਰੇਮੀ ਹੋਣ ਦੇ ਨਾਲ-ਨਾਲ ਚੌਗਿਰਦੇ ਨੂੰ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਦਰਖਤਾਂ ਦੀ ਕਟਾਈ ਨੂੰ ਰੋਕਣ ਦੇ ਲਈ ਇਹ ਕਦਮ ਕਾਰਗਰ ਸਾਬਿਤ ਹੋਵੇਗਾ ਅਤੇ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਇਸ ਦਾ ਸਕਰਾਤਮਕ ਸੁਨੇਹਾ ਜਾਵੇਗਾ।