ਮੇਹਸਾਣਾ ਹਲਕੇ ਦੇ ਉਮੀਦਵਾਰ ਭਗਤ ਪਟੇਲ ਦੀ ਜਿੱਤ ਬਣਾਈ ਯਕੀਨੀ
ਲੁਧਿਆਣਾ (ਰਾਜਕੁਮਾਰ ਸਾਥੀ) । ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ। ਉਨ੍ਹਾਂ ਮੇਹਸਾਣਾ ਵਿਧਾਨ ਸਭਾ ਹਲਕੇ ਦੀ ਨਾਦਨਪੁਰ ਚੌਂਕੜੀ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਸ਼ਾਂਤ ਭਾਈ ਪਟੇਲ (ਭਗਤ ਪਟੇਲ) ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕਰਦਿਆਂ ਹਲਕੇ ਦੇ ਵਸਨੀਕਾਂ ਨੂੰ ਕਿਹਾ ਕਿ ਭਗਤ ਪਟੇਲ ਨੂੰ ਸੇਵਾ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਪਿੰਡ ਖੇਰਵਾ ਵਿਖੇ ਇੱਕ ਜਨਸਭਾ ਦੌਰਾਨ ਇਕੱਠ ਨੂੰ ਸੰਬੋਧਨ ਕੀਤਾ ਜਿੱਥੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰ ਦਿੱਤਾ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਦਿਲਾਂ ਵਿੱਚ ਪਰਿਵਰਤਨ ਦੀ ਲਹਿਰ ਛੱਲਾਂ ਮਾਰ ਰਹੀ ਅਤੇ ‘ਆਪ’ ਪਾਰਟੀ ਨੂੰ ਸੂਬੇ ਵਿੱਚ ਬਦਲਾਅ ਦੇ ਸੰਕੇਤ ਵੀ ਦਿੱਤੇ। ਵਿਧਾਇਕ ਗੋਗੀ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਪੰਜਾਬ ‘ਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ, ਉਸੇ ਸਿਲਸਿਲੇ ਤਹਿਤ ਹੁਣ ਗੁਜਰਾਤ ਵਿੱਚ ਚੱਲ ਰਹੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਪੂਰੀ ਤਿਆਰੀ ਨਾਲ ਲੱਗੀ ਹੈ, ਜਿਸਦੇ ਤਹਿਤ ਉਹ ਚੋਣ ਪ੍ਰਚਾਰ ਲਈ ਮੇਹਸਾਣਾ ਵਿਧਾਨਸਭਾ ਵਿੱਚ ਰੁੱਝੇ ਹੋਏ ਹਨ। ਚੋਣਾਂ ਦੇ ਮੁੱਦੇ ‘ਤੇ ਬੋਲਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਜਨਤਾ ਨੂੰ ਹੁਣ ਡਬਲ ਇੰਜਣ ਦੀ ਸਰਕਾਰ ਨਹੀਂ ਚਾਹੀਦੀ ਕਿਉਂਕਿ ਭਾਜਪਾ ਸਰਕਾਰ ਦੀ ਨਾਕਾਮਯਾਬੀ ਦਾ ਇਥੋਂ ਹੀ ਪਤਾ ਲਗਦਾ ਹੈ ਅੱਧੀ ਤੋਂ ਵਧ ਆਬਾਦੀ ਨੂੰ ਓਥੋਂ ਦੇ ਮੁੱਖਮੰਤਰੀ ਦਾ ਨਾਂ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਵਿੱਚ ਸ਼ਾਇਦ ਹੀ ਕੋਈ ਸੁੱਬਾ ਹੋਊ ਜਿਸਨੇ ਏਨੀ ਛੇਤੀ ਛੇਤੀ ਨਵੇਂ ਨਵੇਂ ਮੁੱਖਮੰਤਰੀ ਦੇਖੇ ਹੋਣੇ। ਹੁਣ ਗੁਜਰਾਤੀ ਪੁਰਾਣੀਆਂ ਰਿਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਹੈ, ਇਸ ਲਈ ਜਿਸ ਤਰ੍ਹਾਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾ ਕੇ ਸਤਕਾਰਿਆ ਹੈ, ਉਸੇ ਤਰ੍ਹਾਂ ਗੁਜਰਾਤੀ ਵੀ ‘ਆਪ’ ਦੇ ਸਮਰਥਨ ‘ਚ ਹਨ ਅਤੇ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਮੈਨੂੰ ਇਸ ਵਿਧਾਨ ਸਭਾ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਨੂੰ ਮੈਂ ਅਤੇ ਮੇਰੀ ਟੀਮ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ।