ਲੁਧਿਆਣਾ, 17 ਨਵੰਬਰ (ਰਾਜਕੁਮਾਰ ਸਾਥੀ)। ਸੰਯੁਕਤ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਦਿਯਾਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵਿਦੇਸ਼ੀ ਮੰਗੂਰ ਮੱਛੀ ਪ੍ਰਫੁੱਲਤ (ਪਾਲਣ) ਅਤੇ ਵੇਚਣ ‘ਤੇ ਤੁਰੰਤ ਮੁਕੰਮਲ ਪਾਬੰਦੀ ਲਗਾਉਣ ਦੇ ਹੁੱਕਮ ਜਾਰੀ ਕੀਤੇ ਹਨ। ਪੁਲਿਸ ਕਮਿਸਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਮੱਛੀ ਦੇ ਵਿਕਾਸ ਦੇ ਪ੍ਰੋਗਰਾਮ ਰਾਹੀ ਪੰਜਾਬ ਰਾਜ ਨੀਲੀ ਕ੍ਰਾਤੀ ਦੀ ਰਾਹ ਤੇ ਚੱਲ ਰਿਹਾ ਹੈ। ਰਾਜ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ ਵਿਚ ਦੇਸ਼ ਭਰ ਵਿਚ ਪਹਿਲੇ ਨੰਬਰ ‘ਤੇ ਹੈ ਪਰੰਤੂ ਕੁਝ ਗੈਰ-ਜਿੰਮੇਵਾਰ ਮੁਨਾਫੇ ਖੋਰਾਂ ਵੱਲੋ ਦੂਸਰੇ ਦੇਸ਼ਾਂ ਵਿਚੋੋਂ ਮੰਗੂਰ ਮੱਛੀ ਨੂੰ ਚੋਰੀ ਛਿਪੇ ਇੱਥੇ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਵੱਲੋ ਇਸ ਮੱਛੀ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ, ਇੱਥੋ ਤੱਕ ਕਿ ਇਹ ਮੱਛੀ ਆਪਣੀ ਕਿਸਮ ਦੀ ਮੱਛੀ ਨੂੰ ਵੀ ਖਾ ਜਾਂਦੀ ਹੈ ਅਤੇ ਛੱਪੜਾਂ, ਡੰਗਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਦੀ ਹੈ। ਭਾਰਤੀ ਮੱਛੀਆ ਲਈ ਇਹ ਬਹੁਤ ਹਾਨੀਕਾਰਕ ਹੈ, ਜੇਕਰ ਇਹ ਰਾਜ ਦੇ ਕੁਦਰਤੀ ਪਾਣੀਆਂ ਵਿਚ ਮਿਲ ਜਾਂਦੀ ਹੈ ਤਾਂ ਪਾਣੀ ਵਾਲੇ ਦੂਸਰੇ ਜੀਵਾਂ ਲਈ ਇਹ ਬਹੁਤ ਖਤਰਨਾਕ ਸਾਬਤ ਹੋਵੇਗੀ। ਇਸ ਲਈ ਵਿਦੇਸ਼ੀ ਮੰਗੂਰ ਮੱਛੀ ਨੂੰ ਪ੍ਰਫੁਲਤ ਕਰਨ ਅਤੇ ਵੇਚਣ ਸਬੰਧੀ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣ ਦੀ ਜਰੂਰਤ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿੱਚ ਵਿਦੇਸ਼ੀ ਮੰਗੂਰ ਮੱਛੀ ਪ੍ਰਫੁੱਲਤ (ਪਾਲਣ) ਅਤੇ ਵੇਚਣ ਤੇ ਤੁਰੰਤ ਮੁਕੰਮਲ ਪਾਬੰਦੀ ਲਗਾਉਣ ਦੇ ਹੁੱਕਮ ਜਾਰੀ ਕੀਤੇ ਜਾਂਦੇ ਹਨ ਅਤੇ ਇਹ ਹੁਕਮ 16 ਨਵੰਬਰ, 2021 ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।