ਵਿਦਵਤਾ ਦਾ ਰੌਸ਼ਨ ਚਿਰਾਗ : Prof. Gurbhajan Gill

Share and Enjoy !

Shares

ਲੁਧਿਆਣਾ (ਰਾਜਕੁਮਾਰ ਸਾਥੀ)। ਮੇਰੇ ਅਧਿਆਪਕ ਡਾ. ਹਰਚੰਦ ਸਿੰਘ ਬੇਦੀ ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਦੀ ਬੁਲੰਦ ਪ੍ਰਤਿਭਾ ਸਨ। ਉਨ੍ਹਾਂ ਦੀਆਂ ਹੋਰ ਸੈਂਕੜੇ ਖੂਬੀਆਂ ‘ਚੋਂ ਜਿਹੜੀ ਗੱਲ ਮੇਰੇ ਦਿਲ ਦੇ ਸਭ ਤੋਂ ਨੇੜੇ ਹੈ, ਉਹ ਇਹ ਹੈ ਕਿ ਉਨ੍ਹਾਂ ਨੇ ਰਿਸ਼ਤਿਆਂ ਦੀ ਇਕ ਨਵੀਂ ਇਬਾਦਤ ਲਿਖੀ ਹੈ। ਆਪਣੇ ਵਿਦਿਆਰਥੀਆਂ ਨਾਲ ਉਨ੍ਹਾਂ ਦਾ ਰਿਸ਼ਤਾ ਕੇਵਲ ਅਕਾਦਮਿਕ ਅਗਵਾਈ ਦੇਣ ਵਾਲਾ ਨਹੀਂ ਸੀ ਸਗੋਂ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਉੱਚੀ ਨੈਤਿਕਤਾ, ਮੁਹੱਬਤ ਅਤੇ ਖਲੂਸ ਨਾਲ ਭਰਪੂਰ ਕਰ ਦਿੱਤਾ ਸੀ। ਉਨ੍ਹਾਂ ਨੇ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ 24 ਦਸੰਬਰ, 1951 ਨੂੰ ਜਨਮ ਲਿਆ। ਉਨ੍ਹਾਂ ਨੇ ਬਹੁਤ ਸੰਘਰਸ਼ਸ਼ੀਲ ਜੀਵਨ ਜੀਵਿਆ, ਜੋ ਉਨ੍ਹਾਂ ਦੇ ਵਿਦਿਆਰਥੀਆਂ, ਦੋਸਤਾਂ ਅਤੇ ਜਾਣਕਾਰਾਂ ਵਾਸਤੇ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਆਨਰਜ਼ ਪਹਿਲੇ ਦਰਜੇ ‘ਚ ਪਾਸ ਕੀਤੀ। ਐਮਫਿਲ ਗੁਰੂ ਨਾਨਕ ਯੂਨੀਵਰਸਿਟੀ ਤੋਂ ਪਹਿਲੇ ਦਰਜੇ ‘ਚ ਪਾਸ ਕੀਤੀ। 1991 ਚ ਪੀਐਚਡੀ ਅਤੇ ਫਿਰ ਉਰਦੂ ਅਤੇ ਫਾਰਸ਼ੀ ਭਾਸ਼ਾਵਾਂ ‘ਚ ਡਿਪਲੋਮੇ ਕੀਤੇ। ਉਨ੍ਹਾਂ ਨੇ ਆਪਣੀ ਮਿਹਨਤ ਲਗਨ ਅਤੇ ਵਿਦਵਤਾ ਦੇ ਬਲਬੂਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਇੱਕ ਵੱਖਰਾ ਵਿਸ਼ਾ ਦਿੱਤਾ। ਇਸ ਖੇਤਰ ‘ਚ ਲੱਗਭਗ ਤੀਹ ਸਾਲ ਉਨ੍ਹਾਂ ਨੇ ਆਪਣੀ ਵਿਦਵਤਾ ਦਾ ਲੋਹਾ ਮੰਨਵਾਇਆ। ਆਪਣੀ ਹਯਾਤੀ ‘ਚ ਉਨ੍ਹਾਂ ਨੇ 67 ਮੌਲਿਕ ਕਿਤਾਬਾਂ ਲਿਖੀਆਂ। ਉਨ੍ਹਾਂ ਨੇ 72 ਖੋਜ ਪੱਤਰ, 52 ਲੇਖ, 59 ਸੈਮੀਨਾਰ ਅਤੇ ਕਾਨਫਰੰਸਾਂ ਵਿੱਚ ਪੱਤਰ ਪੇਸ਼ ਕੀਤੇ। ਇਸ ਤੋਂ ਇਲਾਵਾ 110 ਕਿਤਾਬਾਂ ਦੀ ਸਮੀਖਿਆ ਕੀਤੀ 42 ਕਿਤਾਬਾਂ ਦੀ ਭੂਮਿਕਾ ਲਿਖੀ ਅਤੇ 30 ਲੇਖਕਾਂ ਦੀ ਇੰਟਰਵਿਊ ਲੈ ਕੇ ਪ੍ਰਕਾਸ਼ਤ ਕੀਤੀ। ਉਨ੍ਹਾਂ ਵੱਲੋਂ ਪ੍ਰਵਾਸੀ ਪੰਜਾਬੀ ਸਾਹਿਤ ਅਤੇ ਵੱਖ-ਵੱਖ ਅਦਬੀ ਸ਼ਖਸ਼ੀਅਤਾਂ ਬਾਰੇ ਕਈ ਭਾਗਾਂ ਵਾਲੇ 13 ਹਵਾਲਾ ਗ੍ਰੰਥ ਤਿਆਰ ਕੀਤੇ ਗਏ। ਭਾਈ ਵੀਰ ਸਿੰਘ ਖੋਜ ਕੇਦਰ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਨਿਰਦੇਸ਼ਕ ਵਜੋ ਉਨ੍ਹਾਂ ਨੇ ਭਾਈ ਵੀਰ ਸਿੰਘ ਬਾਰੇ ਵੀ ਓਸ ਸ਼ਿੱਦਤ ਨਾਲ ਖੋਜ ਕਾਰਜ ਆਰੰਭ ਕੀਤਾ ਅਤੇ ਆਖਰੀ ਹਵਾਲਾ ਗ੍ਰੰੰਥ ਭਾਈ ਵੀਰ ਸਿੰਘ ਬਾਰੇ ਤਿਆਰ ਕੀਤਾ, ਜੋ ਛਪਾਈ ਅਧੀਨ ਸੀ ਪਰ ਉਨ੍ਹਾਂ ਨੂੰ ਧੁਰੋਂ ਬੁਲਾਵਾ ਆ ਗਿਆ। ਸਾਰਾ ਜੀਵਨ ਭਰਪੂਰ ਊਰਜਾ ਨਾਲ ਉਨ੍ਹਾਂ ਨੇ ਪਰਵਾਸੀ ਪੰਜਾਬੀ ਸਾਹਿਤ ਲਈ ਨਿੱਗਰ ਜ਼ਮੀਨ ਤਿਆਰ ਕੀਤੀ। ਉਨ੍ਹਾਂ ਦੀ ਘਾਲਣਾ ਨੂੰ ਮਾਨਤਾ ਦਿੰਦਿਆਂ ਯੂਜੀਸੀ ਵੱਲੋ ਉਨ੍ਹਾਂ ਨੂੰ ਪਰਵਾਸੀ ਪੰਜਾਬੀ ਸਾਹਿਤ ਦੇ ਪ੍ਰੋਫੈਸਰ ਅਮੈਰਿਟਸ ਦੇ ਸਨਮਾਨਤ ਖਿਤਾਬ ਨਾਲ ਨਿਵਾਜ਼ਿਆ ਗਿਆ। ਭਾਵੇ ਉਹ ਮਾਰਕਸਵਾਦੀ ਅਧਿਐਨ ਵਿਧੀ ਦੇ ਬਹੁਤ ਚੰਗੇ ਜਾਣੂ ਸਨ ਪਰ ਉਨ੍ਹਾਂ ਨੇ ਆਪਣੀ ਨਿੱਜੀ ਸ਼ੈਲੀ ਵਿਕਸਤ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤ ਚਰਚਾ ‘ਚ ਪ੍ਰਚਲਿਤ ਸਾਹਿਤਕ ਤੇ ਦਾਰਸ਼ਨਿਕ ਬਹਿਸ ਨੂੰ ਵੀ ਸ਼ਾਮਲ ਰੱਖਿਆ। ਅਧਿਐਨ ਵਿਧੀ ਵਜੋ ਉਹ ਬਹੁਤ ਸਪੱਸ਼ਟ ਸਨ। ਉਹ ਕਿਸੇ ਵੀ ਵਿਧੀ ਨੂੰ ਲਕੀਰ ਦੇ ਫਕੀਰ ਵਾਂਗ ਲਾਗੂ ਕਰਨ ਦੇ ਕਦੇ ਵੀ ਹਾਮੀ ਨਹੀ ਹੋਏ ਸਗੋ ਉਹ ਅੰਤਰ ਪਾਠ ਅਧਿਐਨ ਵਿਧੀ ਰਾਹੀ ਹਰੇਕ ਰਚਨਾ ਦੀ ਵਿਲੱਖਣ ਆਲੋਚਨਾ ਕਰਨ ਸਬੰਧੀ ਮੁਤਮਈਨ ਸਨ। ਉਹ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਸਿਖਾਉਦੇ ਸਨ ਕਿ ਕਿਸੇ ਵਿਚਾਰਧਾਰਾ ਦਾ ਪਿਛਲੱਗ ਬਣਨ ਨਾਲੋ ਆਪਣੀ ਨਿੱਜੀ ਵਿਚਾਰਧਾਰਾ ਦਾ ਉਥਾਨ ਕਰਨਾ ਚਾਹੀਦਾ ਹੈ ਅਤੇ ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਸਾਨੂੰ ਬਾਕੀ ਵਿਧਾਰਧਾਰਾਵਾਂ ਸਬੰਧੀ ਡੂੰਘੀ ਜਾਣਕਾਰੀ ਹੋਵੇ ਪਰ ਦਾਰਸ਼ਨਿਕ ਪੱਧਰ ‘ਤੇ ਅਸੀ ਇੰਨੇ ਸਪੱਸ਼ਟ ਹੋਈਏ ਕਿ ਆਪਣੀ ਵੱਖਰੀ ਵਿਚਾਰਧਾਰਾ ਨੂੰ ਪਛਾਣ ਅਤੇ ਸਥਾਪਤ ਕਰ ਸਕਦੇ ਹੋਈਏ। ਇਸੇ ਕਰਕੇ ੳਨ੍ਰਾਂ ਨੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਲਈ ਖੋਜ ਅਧਿਐਨ ਪ੍ਰਯੋਗ ਤੇ ਵਿਹਾਰ ਨੂੰ ਅੰਗ-ਸੰਗ ਰੱਖਦਿਆਂ ਅੰਤਰ ਪਾਠ ਅਧਿਐਨ ਵਿਧੀ ਦੀ ਚੋਣ ਕੀਤੀ। ਭਾਵੇ ਕਿ ਪਾਠਗਤ ਅਧਿਐਨ ਵਿਧੀ ਦੀ ਵਰਤੋ ਹੋਰ ਵੀ ਆਲੋਚਕਾ ਵੱਲੋ ਕੀਤੀ ਗਈ ਹੈ ਪਰ ਜਿੰਨਾ ਨਿੱਠ ਕੇ ਇਸ ਦੇ ਸਿਧਾਂਤਕ ਪਹਿਲੂਆਂ ਨੂੰ ਸਪੱਸ਼ਟ ਕਰਨ ਦਾ ਕਾਰਜ ਡਾ. ਬੇਦੀ ਨੇ ਕੀਤਾ ਹੈ, ਓਨਾ ਹੋਰ ਕਿਸੇ ਵੱਲੋ ਨਹੀ ਕੀਤਾ ਗਿਆ। ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਅਕੀਦਤ ਭੇਟ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਜਿੱਧਰ ਸਾਡਾ ਮੁਹਾਣ ਮੋੜਿਆ ਸੀ, ਅਸੀ ਉਸੇ ਦਿਸ਼ਾ ‘ਚ ਲਗਾਤਾਰ ਯਤਨਸ਼ੀਲ ਹਾਂ ਅਤੇ ਉਨ੍ਹਾਂ ਵੱਲੋ ਦਰਸਾਏ ਰਸਤੇ ਉੱਪਰ ਚਲਦਿਆਂ ਸਦਾ ਕਾਰਜਸ਼ੀਲ ਰਹਿਣ ਦੀ ਕੋਸ਼ਿਸ਼ ਕਰਦੇ ਰਹਾਂਗੇ।

presents by : Prof. Gurbhajan Gill

Share and Enjoy !

Shares

About Post Author

Leave a Reply

Your email address will not be published. Required fields are marked *