ਵਿਜੀਲੈਂਸ ਨੇ ਅਨਾਜ ਦੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ‘ਚ ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ ਨੂੰ ਕੀਤਾ ਗਿ੍ਰਫਤਾਰ

Share and Enjoy !

Shares

ਚੰਡੀਗੜ (ਰਾਜਕੁਮਾਰ ਸਾਥੀ) । ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੋਮਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਨਾਜ ਦੀ ਢੋਆ-ਢੁਆਈ ਨਾਲ ਸਬੰਧਤ ਟੈਂਡਰ ਦੇ ਘੁਟਾਲੇ ਵਿੱਚ ਗਿ੍ਰਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨਾਂ ਨੂੰ ਕੱਲ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਬਿਓਰੋ ਨੇ ਪਹਿਲਾਂ ਹੀ ਆਈਪੀਸੀ ਦੀ ਧਾਰਾ 420, 409,  467, 468, 471, 120-ਬੀ  ਅਤੇ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2)  ਮਿਤੀ 16 .8.2022 ਨੂੰ ਐਫਆਈਆਰ ਨੰਬਰ 11 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਹੋਇਆ ਹੈ, ਜਿਸ ਵਿੱਚ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਤੋਂ ਇਲਾਵਾ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਗੀਦਾਰਾਂ ‘ਦੇ ਨਾਮ ਸ਼ਾਮਲ ਹਨ। ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮੁਲਜ਼ਮ ਤੇਲੂ ਰਾਮ ਨੂੰ ਵਿਜੀਲੈਂਸ ਵੱਲੋਂ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਵੇਲੇ ਪੁਲੀਸ ਰਿਮਾਂਡ ’ਤੇ ਹੈ।  ਵਿਜੀਲੈਂਸ ਦੀ ਜਾਂਚ ਦੌਰਾਨ, ਮੁਲਜ਼ਮ ਤੇਲੂ ਰਾਮ ਨੇ ਦੱਸਿਆ ਹੈ ਕਿ ਉਹ ਸੀਜ਼ਨ 2020-21 ਲਈ ਟੈਂਡਰ ਪ੍ਰਾਪਤ ਕਰਨ ਲਈ ਭਾਰਤ ਭੂਸ਼ਣ ਆਸ਼ੂ ਨੂੰ ਉਨਾਂ ਦੇ ਪੀ.ਏ ਮੀਨੂੰ ਮਲਹੋਤਰਾ ਰਾਹੀਂ ਮਿਲਿਆ ਸੀ, ਜਿਸ ਨੇ ਉਸਨੂੰ ਰਾਕੇਸ਼ ਕੁਮਾਰ ਸਿੰਗਲਾ, ਡਿਪਟੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈਜ ਨੂੰ ਮਿਲਣ ਲਈ ਕਿਹਾ ਸੀ। ਸਿੰਗਲਾ ਟੈਂਡਰਾਂ ਲਈ ਵਿਭਾਗੀ ਮੁੱਖ ਵਿਜੀਲੈਂਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਰੇ ਪੰਜਾਬ ਦੇ ਇੰਚਾਰਜ ਸਨ ਅਤੇ ਸਾਬਕਾ ਮੰਤਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੇ ਸਨ। ਮੁਲਜ਼ਮ ਤੇਲੂ ਰਾਮ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਜਦੋਂ ਉਹ ਆਰ .ਕੇ. ਸਿੰਗਲਾ ਨੂੰ ਮਿਲਿਆ ਤਾਂ ਉਸ ਨੇ ਸਾਬਕਾ ਮੰਤਰੀ ਦੀ ਤਰਫੋਂ 30 ਲੱਖ ਰੁਪਏ ਦੀ ਮੰਗ ਕੀਤੀ ਅਤੇ ਵੱਖ-ਵੱਖ ਦਿਨਾਂ ਵਿੱਚ ਉਸ ਨੇ ਆਰ.ਕੇ. ਸਿੰਗਲਾ ਨੂੰ 20 ਲੱਖ ਰੁਪਏ, ਪੀ.ਏ. ਮੀਨੂ ਮਲਹੋਤਰਾ ਨੂੰ 6 ਲੱਖ ਰੁਪਏ ਅਤੇ ਹੋਰ ਅਧਿਕਾਰੀਆਂ ਨੂੰ ਵੀ ਪੈਸੇ ਦਿੱਤੇ। ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਖੁਲਾਸਿਆਂ ਦੇ ਨਾਲ-ਨਾਲ ਸਬੂਤਾਂ ਦੇ ਆਧਾਰ ‘ਤੇ ਉਕਤ ਵਿਅਕਤੀਆਂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਸ ਮਾਮਲੇ ‘ਚ ਮੁਲਜ਼ਮ ਵਜੋਂ ਨਾਮਜਦ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਤੇਲੂ ਰਾਮ ਨੇ ਪਿਛਲੇ ਸਮੇਂ ਦੌਰਾਨ ਕਰੀਬ 20 ਏਕੜ ਜਮੀਨ ਖਰੀਦੀ ਹੈ ਅਤੇ ਦੋਸ਼ੀ ਮੀਨੂੰ ਮਲਹੋਤਰਾ, ਜੋ ਕਿ ਫਰਾਰ ਹੈ, ਨੇ ਵੀ ਕਈ ਜਾਇਦਾਦਾਂ ਬਣਾਈਆਂ ਹਨ ਅਤੇ ਇਸ ਸਬੰਧੀ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਦੀ ਤਾਇਨਾਤੀ ਸਬੰਧੀ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਬਣਾਈਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਘੁਟਾਲੇ ਨੂੰ ਅੰਜਾਮ ਦੇਣ ਦੇ ਤਰੀਕੇ ਸਬੰਧੀ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਟੈਂਡਰ ਕਲੱਸਟਰ ਅਨੁਸਾਰ ਮੰਗੇ ਗਏ ਸਨ ਜਿਸ ਵਿੱਚ ਮੰਡੀਆਂ ਦੇ ‘ਏ’ ਗਰੁੱਪ ਅਤੇ ਸਾਰੀਆਂ ਖਰੀਦ ਏਜੰਸੀਆਂ ਦਾ ਕੰਮ ਕਲੱਸਟਰ ਅਨੁਸਾਰ ਅਲਾਟ ਕੀਤਾ ਗਿਆ ਸੀ ਅਤੇ ਖਾਸ ਖੇਤਰ ਵਿੱਚ ਮੋਹਰੀ ਮੰਡੀਆਂ ਦਾ ਨਾਮ ਕਲੱਸਟਰ ਦੇ ਨਾਮ ਵਜੋਂ ਵਰਤਿਆ ਗਿਆ ਸੀ। ਲੁਧਿਆਣਾ ਜ਼ਿਲੇ ਵਿੱਚ, ਤੇਲੂ ਰਾਮ ਦੇ 4 ਕਲੱਸਟਰ ਸਨ ਜਿਸ ਵਿੱਚ ਜੋਧਾਂ, ਮੁੱਲਾਂਪੁਰ, ਰਾਏਕੋਟ ਅਤੇ ਪਾਇਲ ਜਿਸ ਵਿੱਚ 34 ਅਨਾਜ ਮੰਡੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਤੇਲੂ ਰਾਮ ਕੋਲ ਜਿਲਾ ਫਿਰੋਜਪੁਰ ਵਿੱਚ ਤਲਵੰਡੀ ਭਾਈ ਅਤੇ ਜਿਲਾ ਰੋਪੜ ਵਿੱਚ ਵੀ ਇੱਕ ਕਲੱਸਟਰ  ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੁਲਜਮ ਤੇਲੂ ਰਾਮ ਨੇ ਉਕਤ ਕੰਮ ਲਈ ਕਰੀਬ 25 ਕਰੋੜ ਰੁਪਏ ਦੀ ਰਕਮ ਹਾਸਲ ਕੀਤੀ ਸੀ। ਟੈਂਡਰ ਪ੍ਰਾਪਤ ਕਰਨ ਲਈ ਮੁਲਜ਼ਮਾਂ ਵੱਲੋਂ ਜਮਾਂ ਕਰਵਾਈਆਂ ਗਈਆਂ ਗੱਡੀਆਂ ਦੀਆਂ ਸੂਚੀਆਂ ਵਿੱਚ ਕਾਰਾਂ, ਸਕੂਟਰਾਂ, ਮੋਟਰ ਸਾਈਕਲਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਸਨ ਜਦਕਿ ਉਨਾਂ ਢੋਆ-ਢੁਆਈ ਵਾਲੇ ਵਾਹਨਾਂ ਦੀਆਂ ਸੂਚੀਆਂ ਦੀ ਪੜਤਾਲ ਕਰਨੀ ਬਣਦੀ ਸੀ। ਤਸਦੀਕ ਤੋਂ ਬਾਅਦ ਜ਼ਿਲਾ ਟੈਂਡਰ ਕਮੇਟੀ ਦੁਆਰਾ ਤਕਨੀਕੀ ਬੋਲੀ ਨੂੰ ਰੱਦ ਕਰਨਾ ਜਰੂਰੀ ਸੀ ਪਰ ਉਨਾਂ ਨੇ ਮਿਲੀਭੁਗਤ ਨਾਲ ਟੈਂਡਰ ਅਲਾਟ ਕਰ ਦਿੱਤੇ। ਉਨਾਂ ਕਿਹਾ ਕਿ ਗੇਟ ਪਾਸਾਂ ਵਿੱਚ ਵੀ ਸਕੂਟਰਾਂ, ਕਾਰਾਂ ਆਦਿ ਦੇ ਨੰਬਰ ਲਿਖੇ ਹੋਏ ਸਨ ਪਰ ਉਕਤ ਅਧਿਕਾਰੀਆਂ ਨੇ ਇਨਾਂ ਗੇਟ ਪਾਸਾਂ ਵਿੱਚ ਦਰਜ ਸਮੱਗਰੀ ਦੇ ਸਬੰਧ ਵਿੱਚ ਮੁਲਜ਼ਮ ਠੇਕੇਦਾਰਾਂ ਨੂੰ ਅਦਾਇਗੀਆਂ ਕਰ ਦਿੱਤੀਆਂ, ਜਿਸ ਨਾਲ ਅਨਾਜ ਦੇ ਗਬਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਘੁਟਾਲੇ ਵਿੱਚ ਹੋਰਨਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾਵੇਗੀ।

Share and Enjoy !

Shares

About Post Author

Leave a Reply

Your email address will not be published. Required fields are marked *