ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਨੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਨਵੇਂ ਸਾਲ ਤੇ ਲੋਹੜੀ ਦੇ ਤਿਉਂਹਾਰ ਦੀਆਂ ਸੁ਼ਭਕਾਮਨਾਵਾਂ
ਲੁਧਿਆਣਾ (ਰਾਜਕੁਮਾਰ ਸਾਥੀ) । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਵਿਡ-19 ਵੈਕਸੀਨ ਦੀ ਡ੍ਰਾਈ ਰਨ ਸਫਲਤਾ ਪੂਰਵਕ ਮੁਕੰਮਲ ਕਰ ਲਈ ਗਈ ਹੈ। ਸੂਬਾ ਸਰਕਾਰ ਵੱਲੋਂ ਇਸ ਡ੍ਰਾਈ ਰਨ ਲਈ ਸਭ ਤੋਂ ਪਹਿਲਾਂ ਜ਼ਿਲ੍ਹਾ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਚੁਣੇ ਗਏ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਕੋਰੋਨਾ ਵੈਕਸੀਨ ਆ ਜਾਵੇਗੀ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਵੈਕਸੀਨ ਲੋਕਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਵੈਕਸੀਨ ਨਹੀਂ ਆਉਂਦੀ, ਉਦੋਂ ਤੱਕ ਮਾਸਕ, ਹੱਥਾਂ ਦੀ ਸਫਾਈ ਤੇ ਦੋ ਗੱਜ ਦੀ ਦੂਰੀ ਬਣਾਈ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਲਾਈਵ ਸੈਸ਼ਨ ਦੋਰਾਨ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੱਲ 07 ਜਨਵਰੀ, 2021 ਤੋਂ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਖੁੱਲ ਰਹੇ ਹਨ, ਜਿਸ ਵਿੱਚ ਪੰਜਵੀ ਜਮਾਤ ਤੋਂ ਬਾਅਦ ਦੇ ਬੱਚੇ ਹੀ ਸਕੂਲ ਜਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲ ਪ੍ਰੰਬਧਕ ਕਮੇਟੀਆਂ ਇਹ ਯਕੀਨੀ ਬਣਾਉਣ ਕੋਵਿਡ-19 ਨਾਲ ਸਬੰਧਤ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸੰਦੀਪ ਕੁਮਾਰ ਨੇ ਗਣਤੰਤਰ ਦਿਸਵ ਸਮਾਰੋਹ ਸਬੰਧੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਸ ਮੌਕੇ ਕੋਈ ਸਭਿਆਚਾਰਕ ਸਮਾਗਮ ਜਾਂ ਪੀ.ਟੀ.ਸ਼ੋਅ ਆਯੋਜਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਗਣਤੰਤਰ ਦਿਵਸ ਨੂੰ ਰਾਸ਼ਟਰੀ ਤਿਉਂਹਾਰ ਵਜੋਂ ਮਨਾਉਣ।