-ਕਿਹਾ! ਮੁੱਖ ਮੰਤਵ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਆਂਕੜਾ ਘਟਾਉਣਾ
ਲੁਧਿਆਣਾ, 23 ਜੁਲਾਈ (ਰਾਜਕੁਮਾਰ ਸਾਥੀ) । ਗਰਭ ਅਵਸਥਾ ਦੌਰਾਨ ਹੋ ਰਹੀਆਂ ਮੌਤਾਂ ਦੇ ਆਂਕੜੇ ਨੂੰ ਘਟਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਲੁਧਿਆਣਾ ਜ਼ਿਲ੍ਹੇ ਨੂੰ ‘ਹੋਮ ਡਿਲੀਵਰੀਜ’ (ਘਰ ‘ਚ ਜਣੇਪਾ) ਮੁਕਤ ਬਣਾਇਆ ਜਾਵੇ। ਅੱਜ ਸਥਾਨਕ ਬੱਚਤ ਭਵਨ ਵਿਖੇ ਸਿਹਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਾਂ ਅਤੇ ਬੱਚੇ ਦੀ ਜਾਨ ਨੂੰ ਗੰਭੀਰ ਖਤਰਾ ਪੈਦਾ ਕਰਨ ਵਾਲੀ ‘ਹੋਮ ਡਲਿਵਰੀ’ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਸਪਤਾਲਾਂ/ਸਿਹਤ ਕੇਂਦਰਾਂ ਵਿੱਚ ਜਣੇਪੇ ਪ੍ਰਤੀ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਸਾਰੀਆਂ ਗਰਭਵਤੀ ਮਹਿਲਾਵਾਂ ਇਸ ਨੂੰ ਅਪਣਾ ਸਕਣ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਜਿਸ ਰਾਹੀਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਵਿੱਚ 23 ਜੁਲਾਈ ਤੱਕ ਲੁਧਿਆਣਾ ਵਿੱਚ 208 ਘਰਾਂ ਵਿੱਚ ਜਣੇਪੇ ਹੋਏ, ਜੋ ਜ਼ਿਲ੍ਹੇ ਵਿੱਚ ਕੁੱਲ 9017 ਡਿਲੀਵਰੀਆਂ ਦਾ 2.24 ਫੀਸਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਘਰਾਂ ਵਿੱਚ ਜਣੇਪੇ ਦੀਆਂ ਘਟਨਾਵਾਂ ਵਿੱਚ ਲਗਾਤਾਰ ਗਿਰਾਵਟ ਆਈ ਹੈ ਕਿਉਂਕਿ ਇਹ ਸਾਲ 2014-15 ਵਿੱਚ 15%, 2015-16 ਵਿੱਚ 13.9%, 2016-17 ਵਿੱਚ 8.5%, 2017-18 ਵਿੱਚ 6% ਅਤੇ ਕ੍ਰਮਵਾਰ 2018-19 ਅਤੇ 2019-2020 ਵਿੱਚ 3% ਸੀ। ਹਾਲਾਂਕਿ, ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਨੂੰ ਜ਼ਿਲ੍ਹੇ ਵਿਚੋਂ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਲੁਧਿਆਣਾ ਵਿਚ ਜ਼ੀਰੋ ਹੋਮ ਡਲਿਵਰੀ ਦਾ ਟੀਚਾ ਪ੍ਰਾਪਤ ਕਰਨ ਲਈ ਹੋਰ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਉੱਚ ਜੋਖਮ ਵਾਲੇ ਖੇਤਰਾਂ ਦੀ ਪਛਾਣ ਕਰਨੀ ਲਾਜ਼ਮੀ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਹਸਪਤਾਲਾਂ ਵਿੱਚ ਜਣੇਪਾ ਅਤੇ ਹੋਰ ਭਲਾਈ ਸਕੀਮਾਂ ਦੇ ਲਾਭ ਬਾਰੇ ਜਾਗਰੂਕ ਕਰਨ ਲਈ ਸਖਤ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਾਏ ਜਾਣੇ ਚਾਹੀਦੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋਕਾਂ ਨੂੰ ਘਰਾਂ ਵਿੱਚ ਜਣੇਪੇ ਦੇ ਮਾਮਲੇ ਵਿੱਚ ਹੋਣ ਵਾਲੇ ਜੋਖਮਾਂ ਬਾਰੇ ਜਾਗਰੂਕ ਕੀਤਾ ਜਾਵੇ।