ਲੁਧਿਆਣਾ ਦੇ ਡੀਸੀ ਨੇ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ ਸੀ ਆਈਏਐਸ ਦੀ ਪ੍ਰੀਖਿਆ
ਪੰਜਾਬੀ ਭਾਸ਼ਾ ਵਿੱਚ ਇਸ ਪ੍ਰੀਖਿਆ ਨੂੰ ਦੇਣ ਵਾਲੇ ਪਹਿਲੇ ਅਫਸਰ ਹਨ ਵਰਿੰਦਰ ਸ਼ਰਮਾ
ਲੁਧਿਆਣਾ (ਰਾਜਕੁਮਾਰ ਸਾਥੀ)। ਸਤੀਸ਼ ਚੰਦਰ ਧਵਨ (ਐਸਸੀਡੀ) ਸਰਕਾਰੀ ਕਾਲਜ ਵਿਖੇ ਆਯੋਜਿਤ ਕੀਤੇ ਗਏ ਆਨਲਾਈਨ ਕਵਿਤਾ ਉਚਾਰਨ ਮੁਕਾਬਲੇ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਲੁਧਿਆਣਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਪੰਜਾਬੀ ਭਾਸ਼ਾ ਨਾਲ ਪਿਆਰ ਕਰਦੇ ਹਨ। ਇਸ ਕਾਰਣ ਉਹ ਭਾਰਤ ਦੇ ਪਹਿਲੇ ਅਜਿਹੇ ਅਫਸਰ ਹਨ, ਜਿਹਨਾਂ ਨੇ ਆਈਏਐਸ ਦੀ ਸਰਵਉੱਚ ਪ੍ਰੀਖਿਆ ਵੀ ਪੰਜਾਬੀ ਭਾਸ਼ਾ ਵਿੱਚ ਪਾਸ ਕੀਤੀ ਸੀ। ਕਵਿਤਾ ਉਚਾਰਨ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਾਰਥ ਜੋਨ ਕਲਚਰ ਪਟਿਆਲਾ ਦੇ ਪ੍ਰੋਗਰਾਮ ਅਫਸਰ ਰਵਿੰਦਰ ਸ਼ਰਮਾ ਨੇ ਇਹ ਖੁਲਾਸਾ ਕੀਤਾ। ਪ੍ਰੋਗਰਾਮ ਵਿੱਚ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ ਅਤੇ ਪ੍ਰੋ. ਅਸ਼ਵਨੀ ਭੱਲਾ ਨੇ ਮੁੱਖ ਜੱਜ ਦੀ ਭੂਮਿਕਾ ਨਿਭਾਈ। ਮੁੱਖ ਮਹਿਮਾਨ ਨੇ ਵਿਦਿਅਰਥੀਆ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੁੜ ਕੇ ਚੰਗੇ ਆਚਰਣ ਦਾ ਨਿਰਮਾਣ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਪੰਜਾਬੀ ਇੱਕ ਅਮੀਰ ਭਾਸ਼ਾ ਹੈ ਅਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੋਜੂਦਾ ਸਮੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਭਾਰਤ ਦੇ ਪਹਿਲੇ ਆਈ. ਏ. ਐੱਸ ਅਫਸਰ ਹਨ, ਜਿਹਨਾਂ ਨੇ ਪੰਜਾਬੀ ਵਿਸ਼ੇ ਨਾਲ ਇਹ ਸਰਵਉੱਚ ਪ੍ਰੀਖਿਆ ਪਾਸ ਕੀਤੀ ਅਤੇ ਪੰਜਾਬੀ ਭਾਸ਼ਾ ਦਾ ਗੌਰਵ ਵਧਾਇਆ। ਵਿਦਿਅਰਥੀਆ ਵਲੋਂ ਇਸ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਸਿਧਾਰਥ, ਜਤਿਨ ਅਤੇ ਸਿਮੀ ਧੀਮਾਨ ਨੇ ਪ੍ਰਾਪਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਜਸਵਿੰਦਰ ਧਨਾਨਸੂ ਨੇ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿਚ ਪ੍ਰੋ. ਨਿਸ਼ੀ ਅਰੋੜਾ ਮੁਖੀ ਪੰਜਾਬੀ ਵਿਭਾਗ ਨੇ ਪ੍ਰੋਗਰਾਮ ਵਿਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਪ੍ਰੋ. ਮਨਦੀਪ ਸਿੰਘ, ਬਲਜੀਤ ਕੌਰ, ਚਮਕੌਰ ਸਿੰਘ, ਹਰਜਿੰਦਰ ਕੌਰ, ਮਤਾਲੀ ਤਲਵਾੜ ਅਤੇ ਹੋਰ ਹਾਜਰ ਸਨ।