ਮੋਹਨ ਕਾਹਲੋਂ ਨੂੰ ਚੇਤੇ ਕਰਦਿਆਂ ਉੱਠ ਗਏ ਗੁਆਢੋਂ ਯਾਰ 

Share and Enjoy !

Shares

ਲੁਧਿਆਣਾ (ਰਾਜਕੁਮਾਰ ਸਾਥੀ) । ਹੁਣੇ ਸਾਥੋਂ ਕਲਕੱਤਿਉਂ ਵਿੱਛੜਿਆ ਸਾਡਾ ਵੱਡਾ ਭਾਅ ਮੋਹਨ ਕਾਹਲੋਂ ਪੰਜਾਬੀ ਦਾ ਸਿਰੜੀ ਨਾਵਲਕਾਰ ਸੀ, ਜਿਸਨੂੰ ਪੰਜਾਬੀ ਜਗਤ ਨੇ ਨਿੱਠ ਕੇ ਪੜ੍ਹਿਆ। ਮੋਹਨ ਕਾਹਲੋਂ ਦੇ ਰਚਨਾ ਸੰਸਾਰ ਦਾ ਆਗਾਜ਼ ਉਸਦੇ ਪਹਿਲੇ ਕਹਾਣੀ ਸੰਗ੍ਰਹਿ ਰਾਵੀ ਦੇ ਪੱਤਣ(1965)ਤੇ ਮਗਰੋਂ ਪਹਿਲੇ ਨਾਵਲ ‘ਮਛਲੀ ਇਕ ਦਰਿਆ ਦੀ’ (1967) ਨਾਲ ਹੋਇਆ। ਇਸ ਤੋਂ ਨਿਰੰਤਰ ਬਾਅਦ ਉਸ ਨੇ ‘ਬੇੜੀ ਤੇ ਬਰੇਤਾ’(1970), ‘ਪਰਦੇਸੀ ਰੁੱਖ’ (1972), ‘ਗੋਰੀ ਨਦੀ ਦਾ ਗੀਤ’(1975), ‘ਬਾਰਾਂਦਰੀ ਦੀ ਰਾਣੀ’(1976), ‘ਕਾਲੀ ਮਿੱਟੀ’(1986), ‘ਵਹਿ ਗਏ ਪਾਣੀ’(2003) ਆਦਿ ਨਾਵਲ ਲਿਖੇ।

‘ਮਛਲੀ ਇਕ ਦਰਿਆ ਦੀ’ ਤੇ ‘ਬੇੜੀ ਤੇ ਬਰੇਤਾ’ ਦੋ ਅਜਿਹੇ ਨਾਵਲ ਨੇ ਜਿਹਨਾਂ ਨਾਲ ਮੋਹਨ ਕਾਹਲੋਂ ਦੀ ਵੱਡੀ ਪਛਾਣ ਬਣੀ। ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਅਤੇ ਕਰਨਲ ਨਰਿੰਦਰਪਾਲ ਸਿੰਘ ਤੋਂ ਬਾਅਦ ਪੰਜਾਬੀ ਨਾਵਲ ਦੀ ਖੜੋਤ ਨੂੰ ਮੋਹਨ ਕਾਹਲੋਂ ਦੇ ਨਾਵਲਾਂ ਨੇ ਅੱਗੇ ਤੋਰਿਆ। ਵਿਦਵਾਨਾਂ/ਆਲੋਚਕਾਂ ਦੀਆਂ ਟਿੱਪਣੀਆਂ ਮੋਹਨ ਕਾਹਲੋਂ ਨੂੰ ਇਕ ਪ੍ਰਤਿਭਾਵਾਨ ਅਤੇ ਵਿਲੱਖਣ ਨਾਵਲਕਾਰ ਹੋਣ ਦੀ ਸ਼ਾਹਦੀ ਭਰਦੀਆਂ ਹਨ। ਸੰਤ ਸਿੰਘ ਸੇਖੋ ਤਾਂ ਮੋਹਨ ਕਾਹਲੋਂ ਨੂੰ ਕਠੋਰ ਯਥਾਰਥਵਾਦ ਦਾ ਨਾਵਲਕਾਰ ਮੰਨਦਾ ਹੈ ਅਤੇ ‘ਮਛਲੀ ਇਕ ਦਰਿਆ ਦੀ’ ਨੂੰ ਸੰਸਾਰ ਪੱਧਰ ਦੀ ਰਚਨਾ। ਡਾਃ ਅਤਰ  ਸਿੰਘ ਅਨੁਸਾਰ ਉਹ ਔਰਤ ਮਰਦ ਦੇ ਸਦੀਵੀਂ ਰਿਸ਼ਤੇ ਦੀ ਗੱਲ ਕਰਦਾ ਹੈ ਤੇ ਉਸਦੇ ਨਾਵਲਾਂ ਵਿਚੋਂ ਸਾਝੇ ਪੰਜਾਬ ਦੀ ਨੁਹਾਰ ਉੱਘੜਦੀ ਹੈ। ਡਾਃ ਹਰਿਭਜਨ ਸਿੰਘ ਕਹਿੰਦੇ ਨੇ ‘ਨੰਗਮੁਨੰਗੀ ਆਦਿਮ ਮਨੁਖਤਾ’ ਨੂੰ ਪਹਿਲੀ ਵਾਰ ਕਾਹਲੋਂ ਦੇ ਨਾਵਲਾਂ ਵਿਚ ‘ਸੁਰ ਉਚਾਰਨ’ ਦਾ ਮੌਕਾ ਮਿਲਿਆ ਹੈ ਤੇ ਉਸਦੇ ਨਾਵਲ ‘ਪਾਠਕ ਦੇ ਜ਼ਿਹਨ ਉਪਰ ਗਰਮ ਸਲਾਖ ਨਾਲ ਕੁਝ ਉਕਰ ਜਾਂਦੇ ਹਨ। ਬਲਰਾਜ ਸਾਹਨੀ ਉਸ ਨੂੰ ‘ਬੋਲੀ ਦਾ ਸ਼ੈਹਨਸ਼ਾਹ’ ਕਹਿੰਦਾ ਹੈ। ਉੱਘੇ ਚਿੰਤਕ ਅਤੇ ਸਾਹਿਤਕਾਰ ਸਵਰਾਜਬੀਰ ਮੋਹਨ ਕਾਹਲੋਂ ਬਾਰੇ ਲਿਖਦੇ ਹਨ, “ਜਿਹੜੇ ਪੰਜਾਬੀ ਨੇ ਮੋਹਨ ਕਾਹਲੋਂ ਦੇ ਨਾਵਲ ਨਹੀਂ ਪੜ੍ਹੇ, ਸਮਝੋ ਉਹਨੇ ਕਦੇ ਖੇਤ ਦੀ ਵੱਟ ਤੇ ਬਹਿ ਕੇ ਗੰਨੇ ਨਹੀਂ ਚੂਪੇ, ਛਟਾਲੇ ’ਚੋਂ ਗੋਂਗਲੂ  ਪੁੱਟ ਕੇ ਖਾਲ ਦੇ ਪਾਣੀ ’ਚ ਧੋ ਕੇ ਨਹੀਂ ਖਾਧੇ, ਉਹਨੇ ਕਦੇ ਗੰਡ ‘ ਚ ਜੰਮ ਰਹੇ ਗਰਮ ਗਰਮ ਗੁੜ ਦਾ ਸਵਾਦ ਨਹੀਂ ਚੱਖਿਆ। ਜਿਹਨੇ ਮੋਹਨ ਕਾਹਲੋਂ ਨੂੰ ਨਹੀਂ ਪੜਿਆ, ਉਹਨੂੰ ਇਹ ਕਦੇ ਨਹੀਂ ਪਤਾ ਲੱਗਣਾ ਕਿ ਰਾਵੀ ’ਤੇ ਨਿੱਸਰੱਆ ਨਿੱਖਰਿਆ ਆਸਮਾਨ ਕਿੰਨਾ ਨਿੰਮਲ  ਹੁੰਦਾ ਏ, ਰਾਵੀ ਦੀ ਆਲੇ-ਦੁਆਲੇ ਦੀ ਭੌਂਅ ਵਿਸਾਖੀ ਵਾਲੇ ਦਿਨ ਕਿੱਦਾ ਨੱਚਦੀ ਏ ਤੇ ਲੋਹੜੀ ਵਾਲੇ ਦਿਨ ਕਿੱਦਾਂ ਗਿੱਧਾ ਪਾਉਂਦੀ ਏ। ਜਿਸ ਪੰਜਾਬੀ ਨੇ ਮੋਹਨ ਕਾਹਲੋਂ ਨੂੰ ਨਹੀਂ ਪੜ੍ਹਿਆ, ਉਹਨੇ ਜਿਹਨੀ ਤੇ ਰੂਹਾਨੀ ਤੌਰ ’ਤੇ ਲਿੱਸਾ ਰਹਿ ਜਾਣਾ ਏ। ਮੋਹਨ ਕਾਹਲੋਂ ਦੀ ਠੁੱਕ ਉਨ੍ਹਾਂ ਦੇ ਪਹਿਲੇ ਨਾਵਲ ‘ਮਛਲੀ ਇਕ ਦਰਿਆ ਦੀ’ ਨਾਲ ਹੀ ਬੱਝ ਗਈ ਸੀ, ਜਿਸ ਵਿਚ ਪਾਤਰਾਂ ਦੇ ਕਿਰਦਾਰ ਬੇਬਾਕ, ਨਿਸੰਗ ਤੇ ਨਿਰੋਲ ਨੰਗਾ ਯਥਾਰਥ ਬੜੀ ਖਰਵ੍ਹੀ ਕਾਵਿਮਈ ਭਾਸ਼ਾ ਦਾ ਅਦੁੱਤੀ ਪਰਮਾਣ ਹੈ। ਪੰਜਾਬੀ ਨਾਵਲ ਦੀ ਪ੍ਰਗਤੀ ਵਿਚ ਇਹ ਇਕ ਨਵੀਂ ਤੇ ਇਤਿਹਾਸਕ ਘਟਨਾ ਸੀ। ਜੋ ‘ਬੇੜੀ ਤੇ ਬਰੇਤਾ’ ਨਾਵਲ ਨਾਲ ਹੋਰ ਨਿਤਰਦੀ ਤੇ ਨਿਖਰਦੀ ਹੈ। ‘ਬੇੜੀ ਤੇ ਬਰੇਤਾ’ ਮੋਹਨ ਕਾਹਲੋਂ ਦਾ ਕਲਾਸਿਕ ਨਾਵਲ ਹੈ, ਜੋ ‘ਮਛਲੀ ਇਕ ਦਰਿਆ’ ਦੀ ਨਾਲੋਂ ਕਿਤੇ ਵਡੇਰੀ ਛਾਲ ਤੇ ਨਵਾਂ ਪੜਾਅ ਆਖਿਆ ਜਾ ਸਕਦਾ ਹੈ। ਸਵਾਰਾਜਬੀਰ ਇਸਨੂੰ ਸਾਂਝੇ ਪੰਜਾਬ ਦੀ ਸਮੁੱਚਤਾ ਤੇ ਟੁੱਟ-ਭੱਜ ਨੂੰ ਪੇਸ਼ ਕਰਦੀ ਸ਼ਫਲ ਪੇਸ਼ਕਾਰੀ ਦੱਸਦੇ ਨੇ। ਮੋਹਨ ਕਾਹਲੋਂ ਅਨੁਸਾਰ, “ਬੇੜੀ ਇਕ ਤਰਦਾ ਹੋਇਆ ਪੁਲ ਏ, ਜ਼ਿੰਦਗੀ ਦੇ ਵਹਿਣ ਉੱਤੇ।” ਰਾਵੀ ਤੇ ਬੇੜੀ ਬਾਰੇ ਕਾਹਲੋਂ ਦੇ ਬਿਆਨ ਬੇ-ਮਿਸਾਲ ਹਨ। ਉਨ੍ਹਾਂ ਨੂੰ ਪੜ੍ਹ ਕੇ ਹੀ ਕੋਈ ਜਾਣ ਸਕਦਾ ਹੈ ਕਿ ਮਿਹਨਤ ਮੁਸ਼ੱਕਤ ਤੇ ਬੰਦੇ ਵਿਚਲੇ ਰਿਸ਼ਤੇ ਕਿੱਡੇ ਘਣੇ ਹਨ ਤੇ ਉਨ੍ਹਾਂ ਨੂੰ ਬਿਆਨ ਕਰਨ ਲਈ ਮੋਹਨ ਕਾਹਲੋਂ ਵਾਲੀ ਜਾਨਦਾਰ ਭਾਸ਼ਾ ਦੀ ਜ਼ਰੂਰਤ ਹੈ। ਬੇੜੀ ਚਿੰਨ੍ਹ ਹੈ ਇਕ ਕੁੜੀ ਦਾ ਤੇ ਬਰੇਤਾ ਉਸਦੀ ਜ਼ਿੰਦਗੀ ਦੀ ਸੁੰਝ ਦਾ ਜਿਸ ਵਿਚ ਉਸਦੀ ਜ਼ਿੰਦਗੀ ਦੀ ਬੇੜੀ ਕਦੀ ਡੋਲਦੀ ਤੇ ਕਦੀ ਸੰਭਲਦੀ ਅਤੇ ਅੰਤ ਮਰਦ ਦੇ ਜਿਨਸੀ ਵਤੀਰੇ ਦੀ ਹਿੰਸਕ ਕਰੂਪਤਾ ਦੇ ਸ਼ਿਕਾਰ ਦਾ ਸੰਤਾਪ ਝਲਦੀ ਹੈ।
‘ਪਰਦੇਸੀ ਰੁੱਖ’ ਨਾਵਲ ਦੀ ਮੁੱਖ ਕਿਰਦਾਰ ਸੀਮੋ ਦੇਸ਼ ਵੰਡ ਮੌਕੇ ਹੋਈ ਔਰਤਾਂ ਦੀ ਬੇਹੁਰਮਤੀ ਦਾ ਦਰਦ ਆਪਣੇ ਪਿੰਡੇ ਤੇ ਹੰਢਾਉਂਦੀ ਹੋਈ ਬਿਆਨ ਕਰਦੀ ਹੈ: “ਲਓ ਚੁੰਘ ਲੋ…ਦੋਵੇਂ ਛਾਤੀਆਂ ਦੋਹਾਂ ਹੱਥਾਂ ਵਿਚ ਲੈ ਕੇ, ਚੱਕ  ਵੱਢ ਖਾਓ…ਹਲਕਾਏ ਕੁੱਤਿਓ। ਛਾਤੀ ਤੋਂ ਧੁੰਨੀ ਵੱਲ ਨੂੰ ਪੋਟੇ ਨਾਲ ਲਕੀਰ ਖਿਚਦਿਆਂ, ਆਹ ਹੈਗੀ ਜੇ ਸਰਹੱਦ। ਦੀਹਦਾ ਨਹੀਂ ਚਰਨੇ ਦੇ ਦਾਤਰ ਦਾ ਚੀਰ? ਐਧਰ ਹਿੰਦੁਸਤਾਨ, ਐਧਰ ਪਾਕਸਤਾਨ, ਦੋਹਾਂ ਛਾਤੀਆਂ ਤੇ ਵਾਰੀ ਵਾਰੀ ਜ਼ੋਰ ਦੀ ਧੱਫਾ  ਮਾਰ ਕੇ, ਕਰਲੋ ਰਾਜ…ਖਾਕੀ ਬਰਦੀਆਂ…ਭੰਨ ਦੋ ਗਿੱਟੇ…।” ਸੋ ਇਹ ਪੰਜਾਬ ਦੀ ਵੰਡ ਦੇ ਦਿਲ ਹਿਲਾ ਦੇਣ ਵਾਲੇ ਦੁਖਾਂਤ ਦੀ ਪੇਸ਼ਕਾਰੀ ਹੈ, ਜਿਸ ਵਿਚ ਪੰਜਾਬੀ ਔਰਤਾਂ ਸੋਚਦੀਆਂ ਨੇ, ‘ਉਨ੍ਹਾਂ ਦੀਆਂ ਕੁੱਖਾਂ ’ਚੋਂ ਕਿਹੋ ਜਿਹਾ ਹਰਾਮ ਜੰਮਿਆ ਏ ਜੋ ਔਰਤਾਂ ਤੇ ਇੰਨਾ ਜੁਲਮ ਕਰ ਸਕਦਾ ਏ।’ ਮਾਝੇ ਦੀ ਆਂਚਲਿਕ ਰਹਿਤਲ ਨੂੰ ਪਿਛੋਕੜ ਵਿਚ ਰੱਖ ਕੇ ਲਿਖੇ ‘ਵੈਹ ਗਏ ਪਾਣੀ’ ਨਾਵਲ ਦੀ ਮੁੱਖ ਵਿਸ਼ੇਸ਼ਤਾ ਔਰਤ-ਮਰਦ ਸੰਬੰਧਾਂ ਦੀ ਸੂਖ਼ਮ ਤੇ ਬੇਬਾਕ ਪੇਸ਼ਕਾਰੀ ਸੀ। ਨਾਵਲ ਮੂਲ ਰੂਪ ਵਿਚ ਵਰਜਿਤ/ਅਵਰਜਿਤ ਕਾਮਨਾਵਾਂ ਦੀ ਤਰਲਤਾ ਨੂੰ ਹੀ ਪੇਸ਼ ਕਰਦਾ ਹੈ। ਨਾਵਲ ਦੀ ਮੋਟੀ ਜਿਹੀ ਨਜ਼ਰੇ ਪਰਖ ਕਰੀਏ ਤਾਂ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਪਹਿਲੇ ਵਿਸ਼ਵ-ਯੁੱਧ ਦੇ ਘਟਨਾ-ਕ੍ਰਮ ਦੇ ਬਿਰਤਾਂਤਕ ਪਿਛੋਕੜ ਨੂੰ ਪੇਸ਼ ਕਰਦਾ ਹੈ। ਜਿਵੇਂ ਪੰਜਾਬੀਆਂ ਦੀ ਮਾਨਸਿਕਤਾ ਵਿਚ ‘ਬਸਰੇ ਦੀ ਲਾਮ’ ਦੇ ਦੁਖਾਂਤ ਦੀ ਹੀ ਪੁਨਰ-ਉਸਾਰੀ ਕਰਦਾ ਹੈ। ਕਾਹਲੋਂ ਲਿਖਦਾ ਹੈ, “ਪੈਹਲੀ ਵੱਡੀ ਜੰਗ ਵਿਚ ਇਰਾਕ ਦੇ ਮੋਰਚੇ ’ਤੇ ਗਏ ਇਕ ਪੰਜਾਬੀ ਸਿਪਾਹੀ ਦੀ ਵਿਥਿਆ… ਇਕ ਲੱਖ ਹਿੰਦੀ ਜਵਾਨਾਂ ਦੀਆਂ ਹੱਢੀਆਂ ਦਜਲਾ ਫ਼ੁਰਾਤ ਦੀ ਮਿੱਟੀ ਵਿਚ ਰਲ ਜਾਣ ਦੀ ਕਹਾਣੀ ਹੈ।” ਨਾਵਲ ਦੀ ਕਥਾ ਮਾਝੇ(ਪੰਜਾਬ) ਦੇ ਇਕ ਪਿੰਡ ਟੇਕਪੁਰ ਤੋਂ ਲੈ ਕੇ ਯੂਨਾਨ ਦੇ ਇਕ ਟਾਪੂ ਇਜੀਨਾ ਤਕ ਫੈਲੀ ਹੋਈ ਹੈ। ਜਿਸ ਵਿਚ 1913-1915 ਤਕ ਦਾ ਸਮਾਂ ਅੰਕਿਤ ਹੈ। ਭਾਵ ਨਾਵਲ ਪੰਜਾਬ ਅਤੇ ਭਾਰਤ ਦੇ ਉਸ ਇਤਿਹਾਸਕ ਦੌਰ ਦਾ ਬਿਰਤਾਂਤ ਪੇਸ਼ ਕਰਦਾ ਹੈ, ਜਦੋਂ ਇਥੇ ਬਰਤਾਨਵੀ ਸਾਮਰਾਜ ਆਪਣੇ ਬਸਤੀਵਾਦੀ ਨਿਜ਼ਾਮ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਮਜ਼ਬੂਤ ਕਰ ਰਿਹਾ ਸੀ।
ਮੋਹਨ ਕਾਹਲੋਂ ਦਾ ਨਾਵਲ ‘ਕਾਲੀ ਮਿੱਟੀ’ ਔਰਤ ਦੇ ਦੁਖਾਂਤ ਦਾ ਨਾਵਲ ਹੈ, ਪਰ ਉਸ ਦੇ ਨਾਇਕਾਂ ਵਿਚ ਜ਼ਿੰਦਗੀ ਨਾਲ ਲੋਹਾ ਲੈਣ ਦੀ ਤਾਕਤ ਹੈ। ਕਾਹਲੋਂ ਦੇ ਨਾਵਲਾਂ ਦੇ ਵਿਸ਼ੇ ‘ਕਾਮ ਦੇ ਬੇਰੋਕ ਅਤੇ ਅੱਥਰੇ ਵੇਗ ਦੀਆਂ ਗਾਥਾਵਾਂ ਹਨ। ਨਾਵਲਾਂ ਵਿਚਲੇ ਪਾਤਰਾਂ ਦੀਆਂ ਮਨੋ-ਸਰੀਰਕ ਕਾਮਨਾਵਾਂ ਅਤੇ ਲੋੜਾਂ ਦੇ ਸਾਹਮਣੇ ਸੌੜੇ ਹੋ ਜਾਂਦਾ ਨੇ। ਉਹ ਕਾਮਨਾ ਦੇ ਸਫ਼ਰ ਤੇ ਤੁਰਦੇ ਸਭ ਕਿਸਮ ਦੇ ਤਸ਼ੱਦਦ ਸਹਿਣ ਕਰਦੇ ਹਨ ਅਤੇ ਮੌਤ ਤਕ ਦੁਖਾਂਤ ਦਾ ਸ਼ਿਕਾਰ ਰਹਿੰਦੇ ਹਨ। ਨਾਵਲ ਦੀ ਕਥਾ ਮਹਾਰਾਸ਼ਟਰ ਦੇ ਇਲਾਕੇ ਵਿੰਦਿਆਚਲ ਦੇ ਸਭਿਆਚਾਰਕ ਜੀਵਨ ਨੂੰ ਆਪਣਾ ਅਧਾਰ-ਬਿੰਦੂ ਬਣਾਉਂਦੀ ਹੈ, ਜਿਸ ਵਿਚ ਰਜਵਾੜਾਸਾਹੀ ਦੇ ਸਮੇਂ ਵਿਚ ਔਰਤਾਂ ਦੀ ਤ੍ਰਾਸਦੀ ਨੂੰ ਸਟੇਟ ਅਤੇ ਧਰਮ ਦੇ ਪ੍ਰਸੰਗ ਵਿਚ ਰੱਖ ਕੇ ਪੇਸ਼ ਕੀਤਾ ਹੈ। ਨਾਵਲ ਦਾ ਬਿਰਤਾਂਤ ਵਿੰਦਿਆਚਲ ਦੀ ਇਕ ਧਾਰਮਿਕ ਰਸਮ ‘ਕਾਸ਼ਨਗਾਦੀ’ ਦੇ ਅੰਤਰਗਤ ਹਰ ਸਾਲ ਦੁਸਿਹਰੇ ਵਾਲੇ ਦਿਨ ਪੂਜਾ ਸਥਾਨ ਉੱਤੇ ਸੰਮੀ ਰੁੱਖ ਦੀਆ ਸੂਲਾਂ ਦੀ ਸੇਜ਼ ਸਜਾਕੇ, ਇਸ ਉੱਪਰ ਚਿੱਟਾ ਕੱਪੜਾ ਵਿਛਾ ਕੇ, ਕਿਸੇ ਖੂਬਸੂਰਤ ਕੰਨਿਆ ਨੂੰ ਲਿਟਾਇਆ ਜਾਂਦਾ ਹੈ। ਜਦੋਂ ਕੰਨਿਆ ਹੇਠਲਾ ਚਿੱਟਾ ਕੱਪੜਾ ਉਸਦੇ ਖੂਨ ਨਾਲ ਲੱਥਪੱਥ ਹੋ ਜਾਂਦਾ ਹੈ ਤਾਂ ਉਸ ਕੰਨਿਆਂ ਦੇ ਕੱਪੜੇ ਸਥਾਨਕ ਰਾਜੇ ਨੂੰ ਦਿੱਤੇ ਜਾਂਦੇ ਨੇ। ਵਿੰਦਿਆਚਲ ਲੋਕਾਂ ਅਤੇ ਰਜ਼ਵਾੜੇਸ਼ਾਹੀ ਦਾ ਇਹ ਅਟੱਲ ਵਿਸ਼ਵਾਸ਼ ਸੀ ਕਿ ਉਸ ਕੁਆਰੀ ਕੰਨਿਆ ਦੀਆਂ  ਅਸੀਮ ਸ਼ਕਤੀਆਂ ਰਾਜੇ ਅੰਦਰ ਪ੍ਰਵੇਸ਼ ਕਰ ਜਾਣਗੀਆਂ ਅਤੇ ਕੰਨਿਆ ਸਥਾਨਕ ਲੋਕਾਂ ਦੀ ਦੇਵੀ ਬਣ ਜਾਵੇਗੀ। ਕਾਸ਼ਨਗਾਦੀ ਰਸਮ ਦਾ ਕਰਤਾ ਵਿੰਦਿਆਚਲ ਰਾਜਵਾੜੇਸਾਹੀ  ਘਰਾਣੇ ਦਾ ਪ੍ਰੋਹਿਤ ਸਵਾਮੀ ਰਾਘਵ ਰਸਮ ਦੀ ਆੜ ਹੇਠ ਹਰ ਸਾਲ ਗਰੀਬ ਮਜ਼ਲੂਮ ਲੋਕਾਂ ਦੀਆਂ ਕੁੜੀਆਂ ਵਿਚੋਂ ਕਿਸੇ ਇਕ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ। ਕਾਲੀ ਮਿੱਟੀ ਨਾਵਲ ਦੀ ਪਾਤਰ ਗੋਪਾਲੀ ਵਰਗੀਆਂ ਔਰਤਾਂ ਚਾਹੁੰਦੀਆਂ ਵੀ ਉਸ ਦਾ ਵਿਰੋਧ ਨਾ ਕਰ ਸਕਦੀਆਂ ਅਤੇ ਇਸ ਪੀੜਾ ਨੂੰ ਸਹਾਰਦੀਆਂ ਹਨ। ਕਾਹਲੋਂ ਲਿਖਦਾ ਹੈ: “ਰਾਜਾ ਕਾਸ਼ਨਗਾਦੀ ਉੱਤੇ ਇਕ ਕੋਰਾ ਚਿੱਟਾ ਕੱਪੜਾ ਵਿਛਾਉਂਦਾ। ਤੇ ਫ਼ਿਰ ਉੱਠ ਉਹ ਕੰਜਕ ਲਾੜੀ ਨੰਗੇ ਪਿੰਡੇ ਕਾਸ਼ਨਗਾਦੀ ਉੱਤੇ ਲੇਟਦੀ ਤੇ ਕਸ਼ੀਆਂ ਵਟ ਵਟ ਪੀੜਾਂ ਜਰਦੀ। ਓਧਰ ਪ੍ਰੋਹਿਤ ਮੰਤਰ ਪੜ੍ਹ ਰਿਹਾ ਹੁੰਦਾ ਏ, ਏਧਰ ਕੱਪੜਾ ਦੇਵੀ ਦੇ ਲਹੂ ਨਾਲ ਰੱਤਾ ਹੋ ਰਿਹਾ ਹੁੰਦਾ ਹੈ। ਪੁੰਨ ਰਾਜੇ ਨੂੰ।” ਦੁਖਾਂਤ ਉਸ ਸਮੇਂ ਹੱਦੋਂ ਪਾਰ ਹੋ ਜਾਂਦਾ ਹੈ, ਜਦੋਂ ਕਾਸ਼ਨਗਾਦੀ ਦੀ ਆੜ ਹੇਠ ਸੁਆਮੀ ਰਾਘਵ ਪੰਦਰਾਂ ਸਾਲਾਂ ਦੀ ਗੋਪਾਲੀ ਦੀ ਧੀ ਮੋਹੀਆਂ ਨੂੰ ਕਾਸ਼ਨਗਾਦੀ ਲਈ ਲੋਕਾਂ ਸਾਹਮਣੇ ਮੰਗ ਲੈਂਦਾ ਹੈ। ਗੋਪਾਲੀ ਲਈ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ‘ਮੋਹੀਆ’ ਦਾ ਬਾਪ ਸੁਆਮੀ ਰਾਘਵ ਹੀ ਹੈ। ‘ਗੋਰੀ ਨਦੀ ਦਾ ਗੀਤ’ ਮੋਹਨ ਕਾਹਲੋਂ ਦਾ ਇਕ ਵੱਖਰੀ ਭਾਂਤ ਦਾ ਤਜਰਬਾ ਹੈ। ਨਾਵਲ ਵਿਚ ਨਾਵਲਕਾਰ ਦੀ ਕਾਲਪਨਿਕ ਪਹੁੰਚ ਸ਼ੈਲੇ ਦੇ ਕਾਮੁਕ ਅਤੇ ਰੁਮਾਂਟਿਕ ਵਰਤਾਓ ਨੂੰ ਅਤਿ ਦੀ ਹੱਦ ਤਕ ਲੈ ਜਾਂਦਾ ਹੈ। ਸ਼ੈਲੇ ਵਾਸਤੇ ਔਰਤ ਸਿਰਫ ਭੋਗਣ ਵਾਲੀ ਵਸਤੂ ਬਣ ਕੇ ਰਹਿ ਜਾਂਦੀ ਹੈ ਤੇ ਉਸ ਦੀ ਸਖਸ਼ੀਅਤ ਇਕ ਤੀਵੀਂਬਾਜ਼ ਦੀ ਉੱਘੜ ਕੇ ਪੇਸ਼ ਹੁੰਦੀ ਹੈ। ਨਾਵਲਕਾਰ ਦੇ ਸ਼ਬਦਾਂ ਵਿਚ ਉਸਨੂੰ ਤਾਂ ਹੁਣ ਇਹ ਵੀ ਯਾਦ ਨਹੀਂ ਕਿ ਉਹ ‘ਕਿੰਨੀਆ ਕੁੜੀਆਂ ਨਾਲ ਸੁੱਤਾ ਸੀ’ ਤੇ ਕੁਝ ਕੁ ਬੇਵਫਾਈਆਂ ਪਿੱਛੋਂ ਪਿਆਰ ਦਾ ਪਰਦਾ ਹੁਣ ਸਿਰਫ ਕਾਮ-ਭੁੱਖ ਪੂਰੀ ਕਰਨ ਤੱਕ ਹੀ ਸੀਮਿਤ ਹੋ ਗਿਆ ਹੈ। ਇਹ ਨਾਵਲ ਸਰੀਰਕ ਪਿੱਚ ਤੇ ਲੱਚਤ ਦਾ ਨਾਵਲ ਬਣ ਕੇ ਰਹਿ ਜਾਂਦਾ ਹੈ। ਨਾਵਲ ਦਾ ਕੇਂਦਰ ਬਿੰਦੂ ਜਿਨਸੀ ਸੰਬੰਧ ਹਨ, ਜਿਸ ਦਾ ਕਾਰਨ ਅਤ੍ਰਿਪਤ ਮਾਨਸਿਕ ਅਤੇ ਭਾਵੁਕ ਕਾਮਨਾਵਾਂ ਵੀ ਹਨ। ਮੋਹਨ ਕਾਹਲੋਂ ਦਾ ਨਾਵਲ ਬਾਰਾਂਦਰੀ ਵੀ ਨਿਵੇਕਲੀ ਕਥਾ ਦਾ ਨਾਵਲ ਹੈ। ਜਿਸ ਵਿਚ ਢਹਿ-ਢੇਰੀ ਹੋ ਰਹੀ ਜਗੀਰਦਾਰੀ ਦੇ ਬਿੰਬ ਦੀ ਤੁਲਨਾ ਬਾਰਾਂਦਰੀ ਨਾਲ ਕੀਤੀ ਜਾਂਦੀ ਹੈ, ਜਿਸ ਦੇ ਕਈ ਦਰ ਹਨ, ਜੋ ਸਮੇਂ ਦੇ ਨਾਲ ਜ਼ਰਜ਼ਰੀ ਹੋ ਭੁਰਨ ਲੱਗਦੀ ਹੈ। ਜਿਸ ਦੀਆਂ ਡਾਟਾਂ ਹਰ ਦੁਖਾਂਤ ਤੋਂ ਬਾਅਦ ਹੋਰ ਵੀ ਪਾਟਦੀਆਂ ਜਾਦੀਆਂ ਹਨ, ਪਰ ਫਿਰ ਵੀ ਕੋਈ ਦੂਸਰਾ ਦਰ ਖੁੱਲਣ ਤੇ ਚਾਨਣ ਦੀ ਲੀਕ ਅੰਦਰ ਆਉਣ ਲਈ ਯਤਨਸ਼ੀਲ ਰਹਿੰਦੀ ਹੈ। ਮੁੱਖ ਪਾਤਰ ਬਾਲੋ ਖੁਦ ਇਕ ਬਾਰਾਂਦਰੀ ਦੀ ਨਿਆਈਂ ਡਿਗਦੀ ਢਹਿੰਦੀ ਹੋਈ ਵੀ ਆਪਣੇ ਜੀਵਨ ਵਿਚ ਇਕ ਆਸ ਭਾਲਦੀ ਹੈ। ਉਹ ਆਪਣੇ ਅਸਤਿਤਵ ਦੀ ਹੋਂਦ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ, ਪਰ ਪਤੀ, ਸਮਾਜ ਅਤੇ ਸੱਸ ਦੀ ਬੇਰੁਖੀ, ਉਸਨੂੰ ਹਮੇਸ਼ਾ ਹੀ ਹਾਸ਼ੀਏ ਤੇ ਰੱਖਣਾ ਚਾਹੁੰਦੀ ਹੈ। ਬਾਰਾਂਦਰੀ ਦੀਆਂ ਨਿਤ ਪਾਟਦੀਆਂ ਡਾਟਾਂ ਉਸ ਦੇ ਜੀਵਨ ਵਿਚ ਵਾਪਰਦੇ ਨਿਤ ਨਵੇਂ ਦੁਖਾਂਤ ਦੇ ਪ੍ਰਤੀਕ ਹਨ, ਪਰ ਫਿਰ ਵੀ ਉਹ ਚੁਗਾਠ ਤੇ ਕਦੀ ਦਰਵਾਜਾ ਫੜ ਖੜੀ ਚਾਨਣ ਦੀ ਇਕ ਲੀਕ/ਕਿਰਨ ਲਈ ਆਸਵੰਦ ਰਹਿਣਾ ਚਾਹੁੰਦੀ ਹੈ। ਬਾਲੋ ਇਸੇ ਪਿਤਰਕੀ ਸਮਾਜ ਦੀ ਬੇਗਾਨਗੀ ਦੇ ਸੰਤਾਪ ਦਾ ਜੰਗੀਰਦਾਰੀ ਬਿੰਬ ਨਕਾਰਦੀ ਨਜ਼ਰ ਆਉਂਦੀ ਹੈ: “ਪੁਸ਼ਤਾਂ ਪੁਰਾਣੀ, ਉਮਰ ਵਿਆਹੀ, ਬਾਰਾਂਦਰੀ ਦੀ ਕਦੀ ਇਧਰੋਂ ਮੁਰੰਮਤ ਕਦੀ ਓਧਰੋਂ ਤੇ ਵਿਚ ਲਿਆ ਵਸਾਈ ਦਾ ਦਿਲ ਢੈਂਹਦਾ ਤੇ ਢੈਹ ਜਾਵੇ ਬੇਸ਼ੱਕ… ਜ਼ਰਜ਼ਰੇ ਪਸਾਰਿਆਂ ਦੀ ਸਾਂਭ ਸੰਭਾਲ ਤੇ ਨਵਿਆਂ ਨਾਲ ਨਿਭਣ ਵਾਲਿਆਂ ਦੀ ਨਿਕਦਰੀ।”

Share and Enjoy !

Shares

About Post Author

Leave a Reply

Your email address will not be published. Required fields are marked *