ਹਲਕਾ ਦੱਖਣੀ ਦੇ ਵਸਨੀਕਾਂ ਵਲੋਂ ਸਕੀਮ ਦਾ ਲਿਆ ਜਾ ਰਿਹਾ ਭਰਪੂਰ ਲਾਹਾ, ਸੰਗਤਾਂ ਮਾਤਾ ਚਿੰਤਪੂਰਨੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੀਆਂ ਨਤਮਸਤਕ
ਲੁਧਿਆਣਾ (ਦੀਪਕ ਸਾਥੀ)। ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ, ਆਪਣੇ ਮੁੱਖ ਦਫਤਰ ਬਾਪੁ ਮਾਰਕੀਟ ਤੋਂ ਸ਼ਰਧਾਲੂਆਂ ਦਾ ਜੱਥਾ ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ ਅਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਤੀਰਥ ਯਾਤਰਾ ਸਕੀਮ ਦੇ ਤਹਿਤ ਗੁਰੂ ਘਰਾਂ, ਗੁਰੂਧਾਮਾਂ ਅਤੇ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਵਿਧਾਇਕ ਛੀਨਾ ਨੇ ਦੱਸਿਆ ਕਿ ਇਹ ਬੱਸ ਸ਼ਰਧਾਲੂਆਂ ਨੂੰ ਮਾਤਾ ਚਿੰਤਪੂਰਨੀ, ਮਾਤਾ ਜਵਾਲਾ ਜੀ, ਮਾਤਾ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾਵੇਗੀ। ਇਸ ਦੌਰਾਨ ਸ਼ਰਧਾਲੂਆਂ ਦਾ ਉਤਸਾਹ ਵੇਖਦਿਆਂ ਹੀ ਬਣਦਾ ਸੀ। ਇਸ ਸਕੀਮ ਦੇ ਨਾਲ ਪੰਜਾਬ ਵਾਸੀਆਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬੱਸਾਂ ਟਰੇਨਾਂ ਰਾਹੀਂ ਤੀਰਥ ਸਥਾਨਾਂ ਤੇ ਪਹੁੰਚ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਸਕੀਮ ਦੇ ਤਹਿਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਰਹੇ ਹਨ ਅਤੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਔਕੜ ਆਵੇ ਤਾਂ ਉਹਨਾਂ ਦੇ ਦਫਤਰ ਵਿਖੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।