ਲੁਧਿਆਣਾ (ਰਾਜਕੁਮਾਰ ਸਾਥੀ)। ਬੀਤੇ ਦਿਨੀ ਜ਼ਿਲ੍ਹੇ ਦੇ ਕੁਝ ਇਲਾਕਿਆ ਵਿਚ ਹੜ੍ਹਾਂ ਕਾਰਨ ਪਾਣੀ ਦੀ ਮਾਰ ਹੇਠ ਆਏ ਕੁਝ ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਵਿਚ ਬਿਮਾਰੀਆਂ ਵਧਣ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਮਾਸ ਮੀਡੀਆ ਟੀਮ ਵੱਲੋ ਦਰਿਆ ਨਾਲ ਲੱਗਦੇ ਪਿੰਡਾਂ, ਕੂੰਮਕਲਾਂ ਅਤੇ ਰਤਨਗੜ੍ਹ ਆਦਿ ਵਿਚ ਜਾ ਕਿ ਲੋਕਾਂ ਨੂੰ ਬਿਮਾਰੀਆਂ ਦੇ ਬਚਾਅ ਸਬੰਧੀ ਜਾਗਰੁਕ ਕੀਤਾ ਗਿਆ ਸੀ। ਇਸੇ ਲੜੀ ਤਹਿਤ ਅੱਜ ਨੂਰਪੁਰ ਬੇਟ ਅਤੇ ਖਹਿਰਾ ਬੇਟ ਦੇ ਆਮ ਲੋਕਾਂ ਨੂੰ ਬਿਮਾਰੀਆਂ ਜਿਵੇਂ ਕਿ ਚਮੜੀ ਰੋਗ, ਅੰਤੜੀ ਰੋਗ, ਡੇਗੂ, ਮਲੇਰੀਆ, ਹੈਪਾਟਾਈਟਸ ਆਦਿ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਹਾਜ਼ਰ ਲੋਕਾਂ ਨੂੰ ਓ ਆਰ ਐਸ ਦੇ ਪੈਕਟ ਅਤੇ ਲੋੜੀਦੀ ਦਵਾਈ ਵੀ ਦਿੱਤੀ ਗਈ।
ਇਸ ਮੌਕੇ ਟੀਮ ਵਲੋ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪਾਣੀ ਨੂੰ ਪੀਣ ਤੋ ਪਹਿਲਾ ਚੰਗੀ ਤਰ੍ਹਾ ਉਬਾਲ ਕੇ ਠੰਢਾ ਕਰਕੇ ਪੀਣ ਲਈ ਵਰਤਿਆ ਜਾਵੇ, ਤਾਜ਼ਾ ਅਤੇ ਸਾਫ ਸੁਥਰਾ ਭੋਜਨ ਲਿਆ ਜਾਵੇ ਅਤੇ ਬਾਸੀ ਖਾਣਾ ਅਤੇ ਗਲੇ ਸੜੇ ਫਲ ਅਤੇ ਸਬਜ਼ੀਆਂ ਤੋ ਬਚਾਅ ਰੱਖਿਆ ਜਾਵੇ। ਬਿਮਾਰੀਆਂ ਦੇ ਬਚਾਅ ਲਈ ਖਾਣਾ ਖਾਣ ਤੋ ਪਹਿਲਾ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਪਾਣੀ ਨਾਲ ਧੋਇਆ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਬਿਮਾਰੀਆਂ ਦੇ ਲੱਛਣ ਨਜ਼ਰ ਆਉਦੇ ਹਨ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਥਥਾ ਨਾਲ ਸੰਪਰਕ ਕੀਤਾ ਜਾਵੇ।