ਲੁਧਿਆਣਾ (ਰਾਜਕੁਮਾਰ ਸਾਥੀ)। ਅੱਜ 26 ਜਨਵਰੀ ਨੂੰ ਭਾਰਤੀ ਕੌਮਿਊਨਿਸਟ ਪਾਰਟੀ ਲੁਧਿਆਣਾ ਦੇ ਕਾਰਕੁਨਾਂ ਨੇ ਅਨੇਕਾਂ ਥਾਵਾਂ ਤੇ ਤਿਰੰਗਾ ਲਹਿਰਾਇਆ ਅਤੇ ਪ੍ਰਣ ਲਿਆ ਕਿ ਉਹ ਸੰਵਿਧਾਨ ਦੀ ਰਾਖੀ ਲਈ ਜਿੰਦ-ਜਾਨ ਲਾ ਦੇਣਗੇ। ਵੱਖ ਵੱਖ ਥਾਵਾਂ ਤੇ ਝੰਡਾ ਲਹਿਰਾਉਂਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਾਡਾ ਸੰਵਿਧਾਨ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼ ਦੇ ਪ੍ਰਭਾਵ ਹੇਠ ਅਤੇ ਉਨ੍ਹਾਂ ਦੀ ਸੋਚ ਦੇ ਮੁਤਾਬਿਕ ਧਰਮ ਨਿਰਪੱਖਤਾ ਅਤੇ ਲੋਕਤੰਤਰ ਤੇ ਅਧਾਰਿਤ ਹੈ। ਸਾਡੇ ਦੇਸ਼ ਵਾਸੀਆਂ ਨੇ ਆਜ਼ਾਦੀ ਉਪਰੰਤ ਧਰਮ ਤੇ ਅਧਾਰਿਤ ਰਾਜ ਦੀ ਸਥਾਪਨਾ ਦਾ ਵਿਰੋਧ ਕੀਤਾ ਅਤੇ ਮੌਜੂਦਾ ਸੰਵਿਧਾਨ ਦੀ ਨੀਂਹ ਰੱਖੀ । ਅੱਜ ਆਰ ਐਸ ਐਸ ਦੀ ਥਾਪੜੀ ਭਾਜਪਾ ਦੀ ਸਰਕਾਰ ਵੱਲੋਂ ਇਸ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਉਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰ ਦੇ ਸੰਵਿਧਾਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸੰਵਿਧਾਨਕ ਸੰਸਥਾਵਾਂ ਨੂੰ ਨਸ਼ਟ ਅਤੇ ਨਿਆਂ-ਪਾਲਿਕਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸੰਵਿਧਾਨ ਦੀ ਰਾਖੀ ਦੀ ਆਵਾਜ਼ ਚੁੱਕਣ ਵਾਲਿਆਂ ਦੇ ਜ਼ੋਰ – ਜਬਰ ਯਾ ਕਾਨੂੰਨ ਦੀ ਸਹਾਇਤਾ ਲੈਕੇ ਨਜਾਇਜ਼ ਕੇਸ ਬਣਾ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਘੱਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ। ਜਿਥੇ ਮੌਜੂਦਾ ਸੰਵਿਧਾਨ ਵਿਗਿਆਨਕ ਦ੍ਰਿਸ਼ਟੀਕੋਣ ਦੀ ਗੱਲ ਵੀ ਕਰਦਾ ਹੈ ਉਥੇ ਇਸ ਸਰਕਾਰ ਵੱਲੋਂ ਗ਼ੈਰ ਵਿਗਿਆਨਕ ਸੋਚ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਬੀ ਬੀ ਸੀ ਵੱਲੋਂ ਦਿਖਾਈ ਗਈ ਡਾਕੂਮੈਂਟਰੀ ਨੇ ਗੁਜਰਾਤ ਵਿਚ ਦੰਗਿਆਂ ਵਿੱਚ ਨਰਿੰਦਰ ਮੋਦੀ ਦੀ ਭੂਮਿਕਾ ਨੂੰ ਸਾਫ ਤੌਰ ਤੇ ਨੰਗਾ ਕਰਕੇ ਰੱਖ ਦਿੱਤਾ ਹੈ। ਅੱਜ ਲੋਕਾਂ ਨੂੰ ਇੱਕਮੁੱਠ ਹੋ ਕੇ ਇਸ ਸੰਵਿਧਾਨ ਦੀ ਰਾਖੀ ਲਈ ਅੱਗੇ ਆਉਣਾ ਪਏਗਾ ਤੇ ਆਉਂਦੀਆਂ ਚੋਣਾਂ ਵਿਚ ਵਿਸ਼ਾਲ ਏਕਾ ਬਣਾ ਕੇ ਇਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਪਵੇਗਾ। ਬਾੜੇਵਾਲ ਰੋਡ ਤੇ ਹੋਏ ਸਮਾਗਮ ਵਿੱਚ ਤਿਰੰਗਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ.ਪੀ. ਮੌੜ ਨੇ ਲਹਿਰਾਇਆ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਐਮ.ਐਸ.ਭਾਟੀਆ, ਕਾਮਰੇਡ ਐਸ.ਪੀ.ਸਿੰਘ ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ। ਕਾਮਰੇਡ ਗੁਰਨਾਮ ਸਿੰਘ ਸਿਧੂ ਅਤੇ ਕਾਮਰੇਡ ਕੁਲਵੰਤ ਕੌਰ ਵੀ ਇਸ ਮੌਕੇ ਹਾਜ਼ਰ ਸਨ।ਪਾਰਟੀ ਦਫ਼ਤਰ ਸ਼ਹੀਦ ਕਰਨੈਲ ਸਿੰਘ ਈਸੜੂ ਵਿਖੇ ਪਾਰਟੀ ਦੇ ਆਗੂ ਅਤੇ ਲੁਧਿਆਣਾ ਸ਼ਹਿਰੀ ਦੇ ਸਹਾਇਕ ਸਕੱਤਰ ਕਾਮਰੇਡ ਵਿਜੇ ਕੁਮਾਰ ਨੇ ਤਿਰੰਗਾ ਲਹਿਰਾਇਆ। ਕਾਮਰੇਡ ਅਜੀਤ ਜਵਦੀ ਤੋੰ ਇਲਾਵਾ ਹੋਰ ਸਾਥੀ ਇਸ ਮੌਕੇ ਹਾਜ਼ਰ ਸਨ। ਸਲੇਮ ਟਾਬਰੀ ਇਲਾਕੇ ਵਿੱਚ ਸ਼ਹਿਰੀ ਪਾਰਟੀ ਦੇ ਸਹਾਇਕ ਸਕੱਤਰ ਕਾਮਰੇਡ ਵਿਨੋਦ ਕੁਮਾਰ ਨੇ ਝੰਡਾ ਲਹਿਰਾਇਆ ਅਤੇ ਉਥੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕੀਤਾ ਇਸ ਮੌਕੇ ਕਾਮਰੇਡ ਰਾਮ ਪ੍ਰਤਾਪ , ਅਵਤਾਰ ਛਿਬੜ ,ਗਗਨਦੀਪ ਕੌਰ, ਮੁਹੰਮਦ ਰਫੀਕ, ਪ੍ਰਿੰਸੀਪਲ ਝਲਮਣ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ। ਵਾਈ ਬਲਾਕ, ਰਿਸ਼ੀ ਨਗਰ ਵਿਖੇ ਝੰਡਾ ਲਹਿਰਉਣ ਦੀ ਰਸਮ ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਐਮ.ਐਸ.ਭਾਟੀਆ ਨੇ ਅਦਾ ਕੀਤੀ ਇਸ ਮੌਕੇ ਸੀਨੀਅਰ ਪਾਰਟੀ ਆਗੂ ਗੁਰਨਾਮ ਸਿੰਘ ਸਿਧੂ, ਕੁਲਵੰਤ ਕੌਰ, ਰਾਮ ਆਧਾਰ ਸਿੰਘ, ਸਰੋਜ ਕੁਮਾਰ, ਅਨਿਲ ਕੁਮਾਰ, ਰਾਮ ਸੁਰੇਸ਼ ਵਰਮਾ ਆਦਿ ਹਾਜ਼ਰ ਸਨ ।