ਵਿੱਤੀ ਸਹਾਇਤਾ ਦੇ ਨਾਲ ਬੱਚੇ ਦੀ ਮੁਫ਼ਤ ਪੜ੍ਹਾਈ ਦਾ ਵੀ ਦਿੱਤਾ ਭਰੋਸਾ
ਲੁਧਿਆਣਾ (ਰਾਜਕੁਮਾਰ ਸਾਥੀ) । ਇਕ ਨੌਜਵਾਨ ਫਿੱਟਨੈਸ ਟ੍ਰੇਨਰ ਬਰਿੰਦਰ ਕੋਹਲੀ (38) ਜਿਸ ਵੱਲੋਂ ਬੀਤੇ ਦਿਨੀ ਆਤਮ ਹੱਤਿਆ ਕਰ ਲਈ ਗਈ ਸੀ, ਦੇ ਪਰਿਵਾਰ ਲਈ ਮੱਦਦ ਦਾ ਹੱਥ ਵਧਾਉਂਦੇ ਹੋਏ, ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਸਦੇ ਇੱਕ ਪਰਿਵਾਰਿਕ ਮੈਂਬਰ ਨੂੰ ਜਲਦ ਨੌਕਰੀ ਦੇਣ ਦਾ ਮਾਮਲਾ ਵੀ ਸਰਕਾਰ ਕੋਲ ਰੱਖਿਆ ਜਾਵੇਗਾ। ਪੀੜਤ ਦੇ ਘਰ 25000 ਰੁਪਏ ਦੀ ਵਿੱਤੀ ਸਹਾਇਤਾ ਦਿੰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟ੍ਰੇਨਰ ਦੇ 7 ਸਾਲ ਦੇ ਬੇਟੇ ਨੂੰ ਹੋਰ ਵਿੱਤੀ ਸਹਾਇਤਾ ਅਤੇ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਵੀ ਲਿਖਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਜਲਦ ਜਿੰਮ ਖੋਲ੍ਹਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ ਕਿਉਂਕਿ ਕੋਵਿਡ ਦੀ ਸਥਿਤੀ ਢਲਾਣ ਵੱਲ ਜਾ ਰਹੀ ਹੈ ਤਾਂ ਜੋ ਜਿੰਮ ਦੇ ਮਾਲਕ/ਟ੍ਰੇਨਰ ਆਪਣੇ ਪਰਿਵਾਰ ਦਾ ਗੁਜਾਰ ਵਸਰ ਕਰ ਸਕਣ। ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਖੇਡਾਂ ਦੀ ਹੱਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਜਿੰਮ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵਿਸ਼ੇਸ਼ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਇਹ ਹੈ ਕਿ ਉਹ ਖੇਡ ਦੌਰਾਨ ਟੀਮ ਦੀ ਭਾਵਨਾ ਪੈਦਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਉੱਤਮ ਬਣਨ ਵਿਚ ਸਹਿਯੋਗ ਕਰ ਸਕਦੀ ਹੈ।